ਅਮੀਰ ਭਾਰਤੀ ਮੂਲ ਦੇ ਮਾਪਿਆਂ ਦਾ ਪੁੱਤਰ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਦੋਸ਼ੀ ਕਰਾਰ, ਸਜ਼ਾ ਅਗਲੇ ਹਫ਼ਤੇ

ਮੈਲਬਰਨ : ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਅਮੀਰ ਮਾਪਿਆਂ ਦੇ ਇੱਕ ਪੁੱਤਰ ਸੁਭਾਨੂ ਮਿੱਤਲ (20) ਨੂੰ ਆਪਣੇ ਜੁੜਵਾਂ ਭਰਾ ਸੁਸ਼ਾਂਤ ਮਿੱਤਲ ਨਾਲ ਤੇਜ਼ ਰਫ਼ਤਾਰ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਨਾਲ ਸਬੰਧਤ ਇੱਕ ਦਰਜਨ ਜੁਰਮਾਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਰਵਿਕ ਯੂਨੀਵਰਸਿਟੀ ਦੇ ਸਟੂਡੈਂਟ ਸੁਭਾਨੂ ਆਪਣੇ ਮਾਪਿਆਂ ਦੀ ਕੰਪਨੀ ਦਾ ਡਾਇਰੈਕਟਰ ਵੀ ਹੈ। ਸੁਣਵਾਈ ਦੌਰਾਨ ਉਸ ਦੇ ਦੋਵੇਂ ਪੈਰੈਂਟਸ ਵੀ ਅਦਾਲਤ ’ਚ ਹਾਜ਼ਰ ਸਨ। ਉਹ ਆਪਣੇ ਮਾਤਾ-ਪਿਤਾ ਦੀ ਮਨਜ਼ੂਰੀ ਤੋਂ ਬਗ਼ੈਰ ਕੰਪਨੀ ਦੀਆਂ ਮਹਿੰਗੀਆਂ ਕਾਰਾਂ, ਕਾਲੀ BMW ਅਤੇ ਇਕ ਲਾਲ ਮਰਸਿਡੀਜ਼ ਬੇਂਜ਼, ਲਿਜਾ ਕੇ ਮੋਨਾਸ਼ ਫ਼੍ਰੀਵੇ ’ਤੇ ਡੋਨੱਟ, ਫ਼ਿਸ਼ਟੇਲ ਮੈਨੂਵਰ, ਡਰੈਗ ਰੇਸਿੰਗ ਵਰਗੇ ਖ਼ਤਰਨਾਕ ਸਟੰਟ ਕਰਦਾ ਹੁੰਦਾ ਸੀ, ਹਾਲਾਂਕਿ ਉਸ ਦਾ ਲਾਇਸੰਸ ਵੀ ਸਸਪੈਂਡ ਸੀ। ਗੱਡੀਆਂ ਇਸ ਵੇਲੇ ਪੁਲਿਸ ਦੇ ਕਬਜ਼ੇ ’ਚ ਹਨ।

2023 ਦੀ ਸ਼ੁਰੂਆਤ ਵਿਚ ਚਾਰ ਮਹੀਨਿਆਂ ਦੀ ਮਿਆਦ ਵਿਚ, ਦੋਹਾਂ ਨੇ ਕਈ ਵਾਰੀ ਖਤਰਨਾਕ ਤਰੀਕੇ ਗੱਡੀ ਚਲਾਈ, ਜਿਸ ਵਿਚ ਮੋਨਾਸ਼ ਫ੍ਰੀਵੇਅ ‘ਤੇ 200 ਕਿਲੋਮੀਟਰ / ਘੰਟਾ ਤੋਂ ਵੱਧ ਦੀ ਰਫਤਾਰ ਨਾਲ ਡਰੈਗ ਰੇਸਿੰਗ ਸ਼ਾਮਲ ਸੀ। ਸੁਭਾਨੂ ਨੇ 94 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਸੀਟ ਬਦਲਣ ਦੌਰਾਨ 17 ਸਕਿੰਟਾਂ ਲਈ ਆਪਣੀ ਕਾਰ ਦਾ ਕੰਟਰੋਲ ਵੀ ਛੱਡ ਦਿੱਤਾ। ਉਸ ’ਤੇ ਇੱਕ ਨਾਬਾਲਗ ਨੂੰ ਖ਼ਤਰਨਾਕ ਸਟੰਟ ਕਰਨ ਲਈ ਮਜਬੂਰ ਕਰਨ ਦਾ ਦੋਸ਼ ਵੀ ਹੈ। ਇਨ੍ਹਾਂ ਦੀਆਂ ਵੀਡੀਓ ਪੁਲਿਸ ਨੂੰ ਉਸ ਦੇ ਜ਼ਬਤ ਕੀਤੇ ਫ਼ੋਨ ’ਚੋਂ ਮਿਲੀਆਂ, ਜਿਨ੍ਹਾਂ ਦਾ ਕੈਪਸ਼ਨ ਸੀ, ‘ਨੋ ਲਾਇਸੈਂਸ, ਨੋ ਵਰੀਜ਼’।

ਅਦਾਲਤ ਨੇ ਸੁਣਿਆ ਕਿ ਸੁਭਾਨੂ ਦੀਆਂ ਕਾਰਵਾਈਆਂ ਬਗਾਵਤ ਅਤੇ ਆਪਣੇ ਸਫਲ ਪਿਤਾ ਦੇ ਪਰਛਾਵੇਂ ਤੋਂ ਬਚਣ ਦੀ ਇੱਛਾ ਤੋਂ ਪ੍ਰੇਰਿਤ ਸਨ। ਅਦਾਲਤ ਅਗਲੇ ਹਫਤੇ ਉਸ ਨੂੰ ਸਜ਼ਾ ਸੁਣਾਏਗੀ। ਮੈਜਿਸਟ੍ਰੇਟ ਜੂਲੀਅਨ ਆਇਰਸ ਨੇ ਕਿਹਾ ਕਿ ਇਹ ਇਕ ਚਮਤਕਾਰ ਹੀ ਸੀ ਕਿ ਕੋਈ ਹਾਦਸਾ ਜਾਂ ਟੱਕਰ ਨਹੀਂ ਹੋਈ। ਮੈਜਿਸਟ੍ਰੇਟ ਨੇ ਕਿਹਾ, ‘‘ਤੁਹਾਨੂੰ 18 ਸਾਲ ਦੀ ਉਮਰ ਵਿੱਚ ਆਪਣੀ ਸਾਰੀ ਤਾਕਤ ਖ਼ਤਮ ਨਹੀਂ ਕਰਨੀ ਚਾਹੀਦੀ। ਉਸ ਤੋਂ ਬਾਅਦ ਢਹਿੰਦੀ ਕਲਾ ਸ਼ੁਰੂ ਹੋ ਜਾਂਦੀ ਹੈ।’’