ਮੈਲਬਰਨ : ਖਤੀਬੁਲਾ ਮਿਰਜ਼ਾ (37) ਨੂੰ ਮਾਨਸਿਕ ਸਿਹਤ ਦੇ ਆਧਾਰ ‘ਤੇ ਸਿਡਨੀ ਵਿੱਚ ਇੱਕ ਔਰਤ ਨਾਲ ਰੇਪ ਕਰਨ ਲਈ ਅਪਰਾਧਿਕ ਤੌਰ ‘ਤੇ ਜ਼ਿੰਮੇਵਾਰ ਨਹੀਂ ਪਾਇਆ ਗਿਆ ਹੈ। ਆਪਣੀਆਂ ਕਾਰਵਾਈਆਂ ਨੂੰ ਸਵੀਕਾਰ ਕਰਨ ਦੇ ਬਾਵਜੂਦ, ਉਸ ਦਾ ਮੰਨਣਾ ਸੀ ਕਿ ਉਹ ਇੱਕ ਵੀਡੀਓ ਗੇਮ ਵਿੱਚ ਸੀ, ਅਤੇ ਉਸ ਨੂੰ ਭਰਮ ਸੀ ਕਿ ਜੋ ਕੁੱਝ ਉਹ ਕਰ ਰਿਹਾ ਹੈ ਉਹ ਅਸਲ ’ਚ ਨਹੀਂ ਬਲਕਿ ਵੀਡੀਓ ਗੇਮ ’ਚ ਵਾਪਰ ਰਿਹਾ ਹੈ ਅਤੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਗੇਮ ਦੀ ਅਗਲੀ ਸਟੇਜ ’ਤੇ ਚਲਾ ਜਾਵੇਗਾ।
ਨਵੰਬਰ 2022 ’ਚ ਉਹ ਵੱਡੇ ਮੀਟ ਕੱਟਣ ਵਾਲੇ ਚਾਕੂ ਨਾਲ ਲੈਸ ਹੋ ਕੇ ਸਿਡਨੀ ਦੇ ਵੈਸਟ ’ਚ ਸਥਿਤ ਔਬਰਨ ਵਿਖੇ ਇੱਕ ਔਰਤ ਦੇ ਘਰ ਵੜ ਗਿਆ ਅਤੇ ਉਸ ਨਾਲ ਰੇਪ ਕੀਤਾ। ਉਸ ਨੂੰ ਇਸ ਤੋਂ ਪਹਿਲਾਂ ਵੀ ਦੋ ਔਰਤਾਂ ਨਾਲ ਛੇੜਛਾੜ ਕਰਨ ਦ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਦੋ ਮਨੋਚਿਕਿਤਸਕਾਂ ਨੇ ਨੈਤਿਕ ਗਲਤੀ ਨੂੰ ਸਮਝਣ ਵਿੱਚ ਉਸ ਦੀ ਅਸਮਰੱਥਾ ਦੀ ਪੁਸ਼ਟੀ ਕੀਤੀ। ਮਿਰਜ਼ਾ ਨੂੰ ਟ੍ਰਿਬਿਊਨਲ ਕੰਟਰੋਲ ਅਧੀਨ ਫੋਰੈਂਸਿਕ ਮਰੀਜ਼ ਵਜੋਂ ਹਿਰਾਸਤ ਵਿੱਚ ਲਿਆ ਜਾਵੇਗਾ, ਤਾਂ ਕਿ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਉਸ ਦੀ ਬਿਮਾਰੀ ਏਨੀ ਵੱਧ ਚੁੱਕੀ ਸੀ ਕਿ ਉਸ ਨੂੰ ਲਗਦਾ ਸੀ ਕਿ 2020 ’ਚ NSW ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਨ ਉਸ ’ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਟੀ.ਵੀ਼. ’ਚੋਂ ਹੋਲੋਗ੍ਰਾਮ ਦੇ ਰੂਪ ’ਚ ਬਾਹਰ ਆ ਕੇ ਉਸ ਨੂੰ ਉਸ ਦੀ ਨੌਕਰੀ ਛੱਡਣ ਲਈ ਕਿਹਾ ਸੀ। ਮਨੋਚਿਕਿਤਸਕਾਂ ਨੇ ਦਸਿਆ ਕਿ ਮਿਰਜ਼ਾ ਰੋਜ਼ ਭੰਗ ਦਾ ਨਸ਼ਾ ਕਰਦਾ ਸੀ ਅਤੇ ਵੱਡੀ ਮਾਤਰਾ ’ਚ ਸ਼ਰਾਬ ਪੀਂਦਾ ਸੀ।