ਮੈਲਬਰਨ : ਆਸਟ੍ਰੇਲੀਆ ਦੇ ਪੂਰਬ ਦੇ ਕੁਝ ਹਿੱਸਿਆਂ ਵਿੱਚ ਹੌਲੀ-ਹੌਲੀ ਚੱਲਣ ਵਾਲੀ ਘੱਟ ਦਬਾਅ ਵਾਲੀ ਪ੍ਰਣਾਲੀ ਨੇ ਤਸਮਾਨੀਆ, ਵਿਕਟੋਰੀਆ, NSW ਅਤੇ ACT ਵਿੱਚ ਤਾਪਮਾਨ ਕਾਫ਼ੀ ਹੇਠਾਂ ਡਿੱਗ ਗਿਆ ਅਤੇ ਕਈ ਥਾਵਾਂ ’ਤੇ ਤਾਂ ਰਿਕਾਰਡ ਪੱਧਰ ਤਕ ਚਲਾ ਗਿਆ। ਤਸਮਾਨੀਆ ਦੇ ਸਮਿਥਟਨ ਘੱਟੋ-ਘੱਟ ਤਾਪਮਾਨ ਹੁਣ ਤਕ ਦੇ ਰਿਕਾਰਡ ਸਭ ਤੋਂ ਹੇਠਲੇ ਪੱਧਰ -4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਕਟੋਰੀਆ ਦੇ ਪੇਂਡੂ ਸ਼ਹਿਰ ਸ਼ਿਓਕਸ ‘ਚ ਘੱਟੋ-ਘੱਟ ਤਾਪਮਾਨ -2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 29 ਸਾਲਾਂ ‘ਚ ਜੂਨ ਦੀ ਸਭ ਤੋਂ ਠੰਢੀ ਸਵੇਰ ਸੀ। NSW ’ਚ ਇਹ ਸਾਲ ਦੀ ਸਭ ਤੋਂ ਠੰਡੀ ਸਵੇਰ ਰਹੀ।
ਇਸ ਦੌਰਾਨ, NSW ਦੇ ਗ੍ਰਿਫਿਥ ਹਵਾਈ ਅੱਡਾ ’ਤੇ ਤਾਪਮਾਨ -4 ਡਿਗਰੀ ਦਰਜ ਕੀਤਾ ਗਿਆ, ਜੋ 2018 ਤੋਂ ਬਾਅਦ ਪਾਰੇ ਦਾ ਸਭ ਤੋਂ ਘੱਟ ਪੱਧਰ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬ ‘ਚ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਅਸਲ ਤਾਪਮਾਨ ਨਾਲੋਂ ਵੀ 4 ਤੋਂ 6 ਡਿਗਰੀ ਘੱਟ ਮਹਿਸੂਸ ਹੋ ਰਿਹਾ ਹੈ। ਇਹ ਸ਼ੀਤ ਲਹਿਰ ਜਾਰੀ ਰਹਿਣ ਵਾਲੀ ਹੈ ਅਤੇ ਪ੍ਰਮੁੱਖ ਸ਼ਹਿਰਾਂ ‘ਚ ਕੱਲ੍ਹ ਇਕ ਹੋਰ ਬਰਫੀਲੀ ਸਵੇਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵੈਦਰਜ਼ੋਨ ਨੇ ਕਿਹਾ ਕਿ ਦੱਖਣੀ ਰਾਜਧਾਨੀਆਂ ਵਿੱਚ ਘੱਟੋ-ਘੱਟ ਤਾਪਮਾਨ ਹਫਤੇ ਦੇ ਅੰਤ ਅਤੇ ਅਗਲੇ ਹਫ਼ਤੇ ਤੱਕ ਠੰਢਾ ਰਹਿਣ ਦੀ ਉਮੀਦ ਹੈ।
ਸਿਡਨੀ ਅਤੇ ਮੈਲਬਰਨ ‘ਚ ਤਾਪਮਾਨ ਕ੍ਰਮਵਾਰ 6.5 ਡਿਗਰੀ ਅਤੇ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸਾਲ ਦੀ ਸਭ ਤੋਂ ਠੰਢੀ ਸਵੇਰ ਹੈ। ਦੇਸ਼ ਦੀ ਰਾਜਧਾਨੀ ਕੈਨਬਰਾ ‘ਚ ਵੀ ਅੱਜ ਸਵੇਰੇ ਤੋਂ ਸੰਸਦ ਭਵਨ ਠੰਢੀ ਧੁੰਦ ਦੀ ਚਾਦਰ ਹੇਠਾਂ ਲੁਕਿਆ ਰਿਹਾ। ਇੱਥੋਂ ਤੱਕ ਕਿ ਕੁਈਨਜ਼ਲੈਂਡ ਦੇ ਲੋਕ ਵੀ ਠੰਢ ਤੋਂ ਬਚੇ ਨਹੀਂ ਰਹੇ ਕਿਉਂਕਿ ਟਾਮਬੋ ਸ਼ਹਿਰ -5.6 ਡਿਗਰੀ ਅਤੇ ਕਾਨੂੰਗਰਾ -0.3 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।