ਮੈਲਬਰਨ : ਮੋਨਿਕਾ ਸਿੰਘ (42), ਦਵਿੰਦਰ ਦਿਓ (68) ਅਤੇ ਸ਼੍ਰੀਨਿਵਾਸ ਨਾਇਡੂ ਚਾਮਾਕੁਰੀ (51) ’ਤੇ ਜਾਅਲੀ ਬੈਂਕ ਵਾਊਚਰ ਦੀ ਵਰਤੋਂ ਕਰ ਕੇ ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਨਾਲ 2.1 ਕਰੋੜ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਮੁਕੱਦਮਾ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਧੋਖਾਧੜੀ ਨਾਲ ਜੁੜੇ ਕਈ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।
ਤਿੰਨਾਂ ’ਤੇ ਸਤੰਬਰ 2018 ਅਤੇ ਅਕਤੂਬਰ 2020 ਦੇ ਵਿਚਕਾਰ NAB ਨੂੰ ਧੋਖਾ ਦੇਣ ਦੇ ਇਰਾਦੇ ਨਾਲ ਜਾਣਬੁੱਝ ਕੇ ਇੱਕ ਅਪਰਾਧਿਕ ਗਰੁੱਪ ਵਿੱਚ ਹਿੱਸਾ ਲੈਣ ਦਾ ਦੋਸ਼ ਹੈ। ਮੋਨਿਕਾ ਸਿੰਘ ਅਤੇ ਚਾਮਾਕੁਰੀ ਬੇਈਮਾਨੀ ਨਾਲ ਵਿੱਤੀ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਦੇ ਚਾਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 2019 ‘ਚ NAB ਦੀ ਅਥਾਰਟੀ ਤੋਂ ਬਗ਼ੈਰ ਬੈਂਕ ਤੋਂ ਅੰਦਰੂਨੀ ਸਸਪੈਂਸ ਅਕਾਊਂਟ ਵਾਊਚਰ ਜਮ੍ਹਾ ਕਰਵਾ ਕੇ ਲਗਭਗ 1.69 ਕਰੋੜ ਡਾਲਰ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦਿਓ ਅਤੇ ਸਿੰਘ ’ਤੇ NAB ਨੂੰ ਕਥਿਤ ਤੌਰ ’ਤੇ 4.8 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਉਨ੍ਹਾਂ ’ਤੇ 50 ਮਿਲੀਅਨ ਅਮਰੀਕੀ ਡਾਲਰ ਦੇ ਧੋਖਾਧੜੀ ਵਾਲੇ NAB ਸਟੈਂਡ-ਬਾਈ ਲੈਟਰ ਆਫ ਕ੍ਰੈਡਿਟ ਦੀ ਵਰਤੋਂ ਕਰ ਕੇ IFRC ਬੈਂਕ ਐਂਡ ਟਰੱਸਟ ਨੂੰ ਧੋਖਾ ਦੇਣ ਦੀ ਸਾਜਿਸ਼ ਰਚਣ ਦਾ ਵੀ ਦੋਸ਼ ਹੈ। ਦਿਓ ਨੂੰ ਧੋਖਾਧੜੀ ਨੂੰ ਮਦਦ ਕਰਨ ਲਈ ਇੱਕ ਵੱਖਰੇ ਕਾਰੋਬਾਰ ਤੋਂ ਪਛਾਣ ਜਾਣਕਾਰੀ ਦੀ ਵਰਤੋਂ ਕਰਨ ਦੇ ਵਾਧੂ ਚਾਰਜ ਦਾ ਸਾਹਮਣਾ ਕਰਨਾ ਪਵੇਗਾ।
ਇਸ ਤੋਂ ਇਲਾਵਾ ਮਈ 2017 ਤੋਂ ਅਪ੍ਰੈਲ 2018 ਦੇ ਵਿਚਕਾਰ, ਮੋਨਿਕਾ ਸਿੰਘ ’ਤੇ NAB ਤੋਂ ਧੋਖਾਧੜੀ ਵਾਲੀ ਬੈਂਕ ਗਾਰੰਟੀ ਜ਼ਰੀਏ ਵੋਲਵੋ ਟਰੱਕਸ ਇੰਡੀਆ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ। ਇਹ ਮੁਕੱਦਮਾ ਸਿਡਨੀ ਦੀ ਡਾਊਨਿੰਗ ਸੈਂਟਰ ਡਿਸਟ੍ਰਿਕਟ ਕੋਰਟ ’ਚ ਚੱਲ ਰਿਹਾ ਹੈ।