ਮੈਲਬਰਨ : ਸਾਊਥ ਆਸਟ੍ਰੇਲੀਆ (SA) ਦੇ ਪੁਲਿਸ ਕਮਿਸ਼ਨਰ ਗਰਾਂਟ ਸਟੀਵਨਸ ਦੇ ਪੁੱਤਰ ਚਾਰਲੀ ਸਟੀਵਨਸ ਦੀ ਮੌਤ ਲਈ ਜ਼ਿੰਮੇਵਾਰ 18 ਸਾਲ ਦੇ ਧੀਰੇਨ ਸਿੰਘ ਰੰਧਾਵਾ ਨੇ ਅਦਾਲਤ ’ਚ ਆਪਣੇ ਦੋਸ਼ ਕਬੂਲ ਲਏ ਹਨ। ਉੁਸ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ ਜਿਸ ਕਾਰਨ ਚਾਰਲੀ ਸਟੀਵਨਸ ਦੀ ਮੌਤ ਹੋ ਗਈ ਸੀ। ਇਹ ਘਟਨਾ ਪਿਛਲੇ ਸਾਲ 17 ਨਵੰਬਰ ਨੂੰ ‘ਸਕੂਲੀਜ਼ ਵੀਕ’ ਦੌਰਾਨ ਗੁਲਵਾ ਵਿੱਚ ਵਾਪਰੀ ਸੀ। ਚਾਰਲੀ ਸਟੀਵਨਸ ਦੀ ਅਗਲੀ ਰਾਤ ਹਸਪਤਾਲ ਵਿੱਚ ਮੌਤ ਹੋ ਗਈ।
ਐਡੀਲੇਡ ਮੈਜਿਸਟ੍ਰੇਟ ਅਦਾਲਤ ’ਚ ਮੰਗਲਵਾਰ ਨੂੰ ਵਕੀਲਾਂ ਨੇ ਖਤਰਨਾਕ ਤਰੀਕੇ ਨਾਲ ਗੱਡੀ ਚਲਾ ਕੇ ਮੌਤ ਦਾ ਕਾਰਨ ਬਣਨ ਦੇ ਦੋਸ਼ ਵਾਪਸ ਲੈ ਲਏ। ਰੰਧਾਵਾ ਨੇ ਹਾਦਸੇ ਵਾਲੀ ਥਾਂ ਤੋਂ ਭੱਜ ਜਾਣ ਦਾ ਦੋਸ਼ ਵੀ ਕਬੂਲ ਕਰ ਲਿਆ। ਜ਼ਮਾਨਤ ’ਤੇ ਚਲ ਰਹੇ ਰੰਧਾਵਾ ਨੂੰ ਸਜ਼ਾ ਸੁਣਾਉਣ ਲਈ ਅਗਸਤ ’ਚ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਸ ਨੂੰ ਵੱਧ ਤੋਂ ਵੱਧ 12 ਮਹੀਨੇ ਦੀ ਕੈਦ ਅਤੇ ਘੱਟੋ-ਘੱਟ ਛੇ ਮਹੀਨੇ ਦੀ ਲਾਇਸੈਂਸ ਅਯੋਗਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।