ਪ੍ਰਭਜੀਤ ਗਿੱਲ ਨੇ ਜਿੱਤਿਆ ਐਂਬੂਲੈਂਸ ਵਿਕਟੋਰੀਆ ਵਿਰੁਧ ਕੇਸ, ਬਦਲੇਗੀ ਦਾੜ੍ਹੀ ਬਾਰੇ ਨੀਤੀ

Sea7 Australia Team
2 Min Read

ਮੈਲਬਰਨ : ਜਦੋਂ ਵੀ ਕੋਈ ਲੜਾਈ ਤੁਹਾਡੇ ਧਾਰਮਿਕ ਅਕੀਦਿਆਂ ਦੀ ਹੋਵੇ, ਹੋਂਦ ਦੀ ਲੜਾਈ ਹੋਵੇ, ਜਿਹੜੇ ਬੰਦੇ ਉਹ ਲੜਾਈ ਸ਼ਾਂਤੀਪੂਰਵਕ ਤਰੀਕੇ ਨਾਲ ਲੜਦੇ ਨੇ, ਤੱਥਾਂ ਦੇ ਉੱਤੇ ਗੱਲ ਕਰਦੇ ਨੇ, ਆਪਣੇ ਅਕੀਦਿਆਂ ਦੀਆਂ ਮਾਨਤਾਵਾਂ ਨੂੰ ਹੋਰਾਂ ਅੱਗੇ ਪੇਸ਼ ਕਰਦੇ ਨੇ ਤਾਂ ਉਹਦੇ ਵਿੱਚ ਜਿੱਤਦੇ ਵੀ ਨੇ। ਇਸੇ ਤਰੀਕੇ ਨਾਲ ਹੀ ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀ Monash University ’ਚ ਪੜ੍ਹਨ ਵਾਲੇ 19 ਸਾਲ ਦੇ ਸਿੱਖ ਪੈਰਾਮੈਡਿਕ ਸਟੂਡੈਂਟ ਪ੍ਰਭਜੀਤ ਸਿੰਘ ਗਿੱਲ ਨੇ ਐਂਬੂਲੈਂਸ ਵਿਕਟੋਰੀਆ ਦੀ ਦਾੜ੍ਹੀ ਨੀਤੀ ਨੂੰ ਸਫਲਤਾਪੂਰਵਕ ਬਦਲਵਾ ਦਿੱਤਾ ਹੈ।

ਦਰਅਸਲ ਆਪਣੀ ਦਾੜ੍ਹੀ ਕਾਰਨ ਪੈਰਾਮੈਡਿਕ ਦੀ ਸਿਖਲਾਈ ਦੌਰਾਨ ਪ੍ਰਭਜੀਤ ਨੂੰ ਮਾਸਕ ਫਿਟਿੰਗ ਦੀ ਜ਼ਰੂਰਤ ਵਾਲਾ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਵਿਰੁਧ ਉਸ ਨੇ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਅਤੇ ‘ਸਿੰਘ ਠੱਠਾ’ ਟੈਕਨੀਕ ਰਾਹੀਂ ਮਾਸਕ ਪਹਿਨਣ ਦੀ ਵਕਾਲਤ ਕੀਤੀ। ਪ੍ਰਭਜੋਤ ਨੇ ਵਿਖਾਇਆ ਕਿ ‘ਸਿੰਘ ਠੱਠਾ’ ਟੈਕਨੀਕ ਨਾਲ ਵੀ ਕਲੀਨਸ਼ੇਵ ਵਿਅਕਤੀਆਂ ਵਾਂਗ ਮਾਸਕ ਪੂਰੀ ਤਰ੍ਹਾਂ ਮੂੰਹ ਨਾਲ ਜੁੜ ਜਾਂਦਾ ਹੈ ਅਤੇ ਕਿਸੇ ਵਾਇਰਸ ਦੇ ਸਾਹ ਰਾਹੀਂ ਮਨੁੱਖੀ ਸਰੀਰ ਅੰਦਰ ਦਾਖ਼ਲ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।

ਕਮਿਸ਼ਨ ਨੇ ਉਸ ਨੂੰ ਸਹੀ ਠਹਿਰਾਇਆ ਜਿਸ ਮਗਰੋਂ ਐਂਬੂਲੈਂਸ ਵਿਕਟੋਰੀਆ ਨੇ ਧਾਰਮਿਕ, ਸਭਿਆਚਾਰਕ ਜਾਂ ਡਾਕਟਰੀ ਕਾਰਨਾਂ ਕਰਕੇ ਦਾੜ੍ਹੀ ਵਾਲੇ ਸਟਾਫ ਲਈ ਇੱਕ ਨਵਾਂ ਫਿੱਟ-ਟੈਸਟਿੰਗ ਮਾਰਗ ਪੇਸ਼ ਕੀਤਾ। ਵਿਕਟੋਰੀਅਨ ਐਂਬੂਲੈਂਸ ਯੂਨੀਅਨ ਅਤੇ ਆਸਟ੍ਰੇਲੀਅਨ ਸਿੱਖਾਂ ਨੇ ਗਿੱਲ ਦੀਆਂ ਕੋਸ਼ਿਸ਼ਾਂ ਨੂੰ ਬਹਾਦਰੀ ਵਾਲਾ ਦੱਸਦੇ ਹੋਏ ਇਸ ਤਬਦੀਲੀ ਦਾ ਸਵਾਗਤ ਕੀਤਾ। ਹਾਲਾਂਕਿ ਗਿੱਲ ਨੇ ਇਸ ਨੂੰ ਕਿਸੇ ਜਿੱਤ ਦੀ ਬਜਾਏ ਅਧਿਕਾਰਾਂ ਦੀ ਬਹਾਲੀ ਦੇ ਰੂਪ ਵਿੱਚ ਵੇਖਿਆ ਹੈ। ਉਸ ਨੂੰ ਉਮੀਦ ਹੈ ਕਿ ਹੁਣ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇਗਾ ਅਤੇ ਭਵਿੱਖ ’ਚ ਐਂਬੂਲੈਂਸ ਵਿਕਟੋਰੀਆ ਲਈ ਨੌਕਰੀ ਕਰ ਸਕੇਗਾ।

Share This Article