ਮੈਲਬਰਨ: ਵਿਕਟੋਰੀਆ ਦੀ ਇਕ ਜੱਜ ਨੇ ਇਕ ਕਰੋੜ ਡਾਲਰ ਦੇ ਕ੍ਰਿਪਟੋਕਰੰਸੀ ਗੜਬੜ-ਘੁਟਾਲੇ ਨਾਲ ਜੁੜੇ ਮਾਮਲੇ ਵਿਚ ਅੱਗੇ ਵਧਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਜਤਿੰਦਰ ਸਿੰਘ (38) ਨੇ ਪਿਛਲੇ ਸਾਲ ਦੇ ਅਖੀਰ ਵਿਚ 60.9 ਲੱਖ ਡਾਲਰ ਚੋਰੀ ਕਰਨ ਦਾ ਦੋਸ਼ ਮੰਨਣ ਤੋਂ ਬਾਅਦ ਵੀਰਵਾਰ ਨੂੰ ਵਿਕਟੋਰੀਅਨ ਕਾਊਂਟੀ ਕੋਰਟ ਵਿਚ ਸਜ਼ਾ ਤੋਂ ਪਹਿਲਾਂ ਸੁਣਵਾਈ ਦਾ ਸਾਹਮਣਾ ਕਰਨਾ ਸੀ ਪਰ ਜਤਿੰਦਰ ਸਿੰਘ ਦਾ ਦੁਭਾਸ਼ੀਆ ਪੇਸ਼ ਨਾ ਹੋਣ ਕਾਰਨ ਕੇਸ ਦੀ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ।
ਇਸ ਦੌਰਾਨ ਜੱਜ ਮਾਰਟਿਨ ਮੈਰੀਚ ਨੇ ਕਿਹਾ ਕਿ ਉਹ ਜਤਿੰਦਰ ਸਿੰਘ ਵੱਲੋਂ ਖ਼ੁਦ ਦੇ ਦੋਸ਼ੀ ਹੋਣ ਦੀ ਦਾਇਰ ਅਪੀਲ ਤੋਂ ਚਿੰਤਤ ਹੈ ਕਿਉਂਕਿ ਦੂਜੇ ਪਾਸੇ ਜਤਿੰਦਰ ਸਿੰਘ ਇਹ ਵੀ ਕਹਿ ਰਿਹਾ ਹੈ ਕਿ ਉਸ ਨੇ ਕੋਈ ਚੋਰੀ ਨਹੀਂ ਕੀਤੀ। ਜੱਜ ਨੇ ਕਿਹਾ, ‘‘ਸਿੱਖ ਹੋਣ ਕਾਰਨ ਜਤਿੰਦਰ ਸਿੰਘ ਖ਼ੁਦ ਨੂੰ ਚੋਰ ਕਹਾਉਣ ਤੋਂ ਸ਼ਰਮ ਮਹਿਸੂਸ ਕਰ ਰਿਹਾ ਹੈ। ਉਹ ਖ਼ੁਦ ਨੂੰ ਅਜੇ ਵੀ ਅਪਰਾਧੀ ਨਹੀਂ ਮੰਨ ਰਿਹਾ… ਇਸ ਨਾਲ ਉਹ ਭਾਰ ਖਤਮ ਹੋ ਜਾਵੇਗਾ ਜਿਸ ਦਾ ਉਸ ਨੂੰ ਪਛਤਾਵਾ ਹੋਣਾ ਚਾਹੀਦਾ ਹੈ।’’ ਜੱਜ ਮੈਰੀਚ ਨੇ ਸੁਝਾਅ ਦਿੱਤਾ ਕਿ ਜਤਿੰਦਰ ਸਿੰਘ ਨੂੰ ਆਪਣੀ ਦੋਸ਼ ਮੰਨਣ ਵਾਲੀ ਪਟੀਸ਼ਨ ਨੂੰ ਬਦਲਣ ਬਾਰੇ ‘ਸੁਤੰਤਰ ਕਾਨੂੰਨੀ ਸਲਾਹ’ ਤੋਂ ਲਾਭ ਹੋ ਸਕਦਾ ਹੈ ਜਿਸ ਨਾਲ ਉਸ ਦੇ ਹਿੱਤਾਂ ਦੀ ਰਾਖੀ ਹੋ ਸਕੇ। ਉਨ੍ਹਾਂ ਕਿਹਾ ਕਿ ਜਤਿੰਦਰ ਸਿੰਘ ਜੇਕਰ ਖ਼ੁਦ ਦੇ ਦੋਸ਼ੀ ਨਾ ਹੋਣ ਦੀ ਪਟੀਸ਼ਨ ਦਾਇਰ ਕਰਦਾ ਤਾਂ ਇਹ ਉਸ ਦੇ ਹਿੱਤ ’ਚ ਹੋ ਸਕਦਾ ਹੈ।
ਪੂਰੀ ਕਹਾਣੀ ਜਾਣਨ ਲਈ ਇਹ ਖ਼ਬਰ ਪੜ੍ਹੋ : ਗ਼ਲਤੀ ਨਾਲ ਖਾਤੇ ’ਚ ਇੱਕ ਕਰੋੜ ਡਾਲਰ ਪ੍ਰਾਪਤ ਕਰਨ ਵਾਲੇ ਪੰਜਾਬੀ ਨੂੰ ਹੁਣ ਕਬੂਲਣਾ ਪਿਆ ਚੋਰੀ ਦਾ ਗੁਨਾਹ, ਜਾਣੋ ਪੂਰੀ ਕਹਾਣੀ (Sikh Punjabi man pleads guilty) – Sea7 Australia
ਜਤਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ “ਇਮਾਨਦਾਰੀ ਨਾਲ ਵਿਸ਼ਵਾਸ” ਸੀ ਕਿ ਉਸ ਨੇ ਇੱਕ ਆਨਲਾਈਨ ਮੁਕਾਬਲਾ ਜਿੱਤ ਲਿਆ ਹੈ, ਜਿਸ ਕਾਰਨ ਉਨ੍ਹਾਂ ਇਹ ਰਕਮ ਇਨਾਮ ਵੱਜੋਂ ਮਿਲੀ ਸੀ। ਗਲਤੀ ਨਾਲ ਭੇਜੀ ਗਈ ਰਕਮ ਵਿਚੋਂ ਹੁਣ ਤਕ 70 ਤੋਂ 80 ਲੱਖ ਡਾਲਰ ਬਰਾਮਦ ਕਰ ਲਏ ਗਏ ਹਨ। ਜੱਜ ਮੈਰੀਚ ਨੇ ਕੇਸ ਦੀ ਸੁਣਵਾਈ ਮਾਰਚ ਤੱਕ ਮੁਲਤਵੀ ਕਰ ਦਿੱਤੀ ਅਤੇ ਜਤਿੰਦਰ ਸਿੰਘ ਦੇ ਬਚਾਅ ਪੱਖ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਸ ‘ਤੇ ਮੁੜ ਵਿਚਾਰ ਕਰਨ ਕਿਉਂਕਿ ਸਰਕਾਰੀ ਵਕੀਲਾਂ ਵੱਲੋਂ ਮੰਗੀ ਜਾ ਰਹੀ ਜੇਲ੍ਹ ਦੀ ਸਜ਼ਾ ਅਤੇ ਬਚਾਅ ਪੱਖ ਦੀਆਂ ਸਜ਼ਾਵਾਂ ਵਿੱਚ ‘ਬਹੁਤ ਵੱਡਾ’ ਫ਼ਰਕ ਹੈ।