ਮੈਲਬਰਨ: ਮੈਲਬਰਨ ‘ਚ ਕ੍ਰਿਪਟੋਕਰੰਸੀ ਦੇ ਸ਼ੌਕੀਨ ਇਕ ਪੰਜਾਬੀ ਮੂਲ ਦਾ ਵਿਅਕਤੀ ਇਸ ਵੇਲੇ ਅਦਾਲਤਾਂ ਦੇ ਚੱਕਰ ਕੱਟ ਰਿਹਾ ਹੈ (Punjabi man pleading guilty)। ਦਰਅਸਲ ਉਸ ਦੇ ਖਾਤੇ ’ਚ ਇੱਕ ਕ੍ਰਿਪਟੋਕਰੰਸੀ ਕੰਪਨੀ ਨੇ ਗ਼ਲਤੀ ਨਾਲ ਇੱਕ ਕਰੋੜ ਡਾਲਰ ਪਾ ਦਿੱਤੇ ਸਨ, ਜਿਸ ਲਈ ਉਸ ’ਤੇ ਹੁਣ ਚੋਰੀ ਦਾ ਦੋਸ਼ ਹੈ।
ਜਤਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਦੀ ਜੀਵਨਸਾਥਣ ਦੇ ਬੈਂਕ ਖਾਤੇ ‘ਚ ਅਚਾਨਕ ਇਕ ਕਰੋੜ ਡਾਲਰ ਆਏ ਸਨ ਤਾਂ ਉਸ ਨੂੰ ਇਮਾਨਦਾਰੀ ਨਾਲ ਵਿਸ਼ਵਾਸ ਸੀ ਕਿ ਉਸ ਨੂੰ ਇਹ ਰਕਮ ਇਕ ਆਨਲਾਈਨ ਮੁਕਾਬਲਾ ਜਿੱਤਣ ਦੇ ਨਤੀਜੇ ਵਜੋਂ ਮਿਲੀ ਹੈ। ਇਹੀ ਨਹੀਂ ਦੋਹਾਂ ਨੇ ਇਸ ਰਕਮ ’ਚੋਂ ਲਗਭਗ 60 ਲੱਖ ਡਾਲਰ ਖ਼ਰਚ ਵੀ ਕਰ ਲਏ। ਹਾਲਾਂਕਿ 38 ਸਾਲਾਂ ਦਾ ਜਤਿੰਦਰ ਸਿੰਘ ਸੋਮਵਾਰ ਨੂੰ ਵਿਕਟੋਰੀਅਨ ਕਾਊਂਟੀ ਕੋਰਟ ਵਿਚ ਪੇਸ਼ ਹੋਇਆ ਅਤੇ ਉਸ ਨੇ ਚੋਰੀ ਦੇ ਇਕੋ-ਇਕ ਦੋਸ਼ ਨੂੰ ਕਬੂਲ ਕਰ ਲਿਆ।
ਇੱਕ ਗ਼ਲਤੀ ਨੇ ਪਾਇਆ ਰੱਫੜ
ਸਰਕਾਰੀ ਵਕੀਲ ਕੈਂਪਬੈਲ ਥਾਮਸਨ ਨੇ ਕਿਹਾ ਕਿ ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਜਤਿੰਦਰ ਸਿੰਘ ਨੇ ਮਈ 2021 ਵਿਚ ਆਪਣੀ ਜੀਵਨਸਾਥਣ ਦੇ bamk ਖਾਤੇ ਦੀ ਵਰਤੋਂ ਕਰਦਿਆਂ ਨਵੇਂ ਖੋਲ੍ਹੇ ਗਏ Crypto.com ਖਾਤੇ ਵਿਚ 100 ਡਾਲਰ ਟ੍ਰਾਂਸਫਰ ਕੀਤੇ। ਪਰ ਉਸ ਨੂੰ ਇੱਕ ਈ-ਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਦੋਹਾਂ ਖਾਤਿਆਂ ਵਿੱਚ ਨਾਮ ਇੱਕੋ ਜਿਹੇ ਨਾ ਹੋਣ ਕਾਰਨ ਪਲੇਟਫਾਰਮ ਨੇ ਰਕਮ ਜਮ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਹ ਰਕਮ ਛੇਤੀ ਹੀ ਵਾਪਸ ਮੋੜ ਦਿੱਤੀ ਜਾਵੇਗੀ। ਹਾਲਾਂਕਿ ਰਕਮ ਵਾਪਸ ਕਰਨ ਦੌਰਾਨ ਵੱਡੀ ਗ਼ਲਤੀ ਹੋਈ ਅਤੇ ਜਤਿੰਦਰ ਸਿੰਘ ਦੀ ਜੀਵਨਸਾਥਣ ਥੇਵਾਮਨੋਗਰੀ ਮਨੀਵੇਲ ਦੇ ਬੈਂਕ ਖਾਤੇ ਵਿਚ 104.7 ਲੱਖ ਡਾਲਰ ਜਮ੍ਹਾ ਕਰਵਾ ਦਿੱਤੇ ਗਏ। ਦਿਲਚਸਪ ਗੱਲ ਇਹ ਹੈ ਕਿ Crypto.com ਨੂੰ ਅਗਲੇ ਸੱਤ ਮਹੀਨਿਆਂ ਤਕ ਵੀ ਗ਼ਲਤੀ ਪਤਾ ਨਹੀਂ ਲੱਗ ਸਕੀ। ਗਲਤੀ ਦਾ ਪਤਾ ਉਦੋਂ ਲੱਗਾ ਕੰਪਨੀ ਦੇ ਅੰਦਰੂਨੀ ਆਡਿਟ ਨੇ ਗੁੰਮ ਹੋਏ ਪੈਸੇ ਦੀ ਪਛਾਣ ਕੀਤੀ। ਹਾਲਾਂਕਿ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।
ਰਿਫੰਡ ਪ੍ਰਾਪਤ ਕਰਨ ਤੋਂ ਸਿਰਫ ਦੋ ਦਿਨ ਬਾਅਦ ਹੀ ਜਤਿੰਦਰ ਸਿੰਘ ਨੇ ਮਨੀਵੇਲ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੇ ਇੱਕ ਆਨਲਾਈਨ ਇਨਾਮ ਜਿੱਤ ਲਿਆ ਹੈ। ਜਤਿੰਦਰ ਨੇ ਉਸ ਨੂੰ ਪੈਸੇ ਇੱਕ ਸਾਂਝੇ ਖਾਤੇ ਵਿੱਚ ਤਬਦੀਲ ਕਰਨ ਲਈ ਕਿਹਾ। ਉਸੇ ਦੁਪਹਿਰ ਉਹ ਆਪਣੇ ਸਥਾਨਕ ਸ਼ਾਪਿੰਗ ਸੈਂਟਰ ਦੇ ਇੱਕ ਕਾਮਨਵੈਲਥ ਬੈਂਕ ਵਿੱਚ ਗਈ ਅਤੇ ਬੈਂਕ ਚੈੱਕ ਵਜੋਂ 10 ਮਿਲੀਅਨ ਡਾਲਰ ਕਢਵਾ ਲਏ। ਥਾਮਸਨ ਨੇ ਅਦਾਲਤ ਨੂੰ ਦੱਸਿਆ ਕਿ ਇਸ ਤੋਂ ਪਤਾ ਲਗਦਾ ਹੈ ਕਿ ਜਤਿੰਦਰ ਸਿੰਘ ਝੂਠ ਬੋਲ ਰਿਹਾ ਹੈ ਅਤੇ ਉਸ ਨੂੰ ਪਤਾ ਸੀ ਕਿ ਏਨੇ ਡਾਲਰ ਉਸ ਨੂੰ ਗ਼ਲਤੀ ਨਾਲ ਮਿਲ ਗਏ ਹਨ। ਪਰ ਇਸ ਤੋਂ ਪਹਿਲਾਂ ਕਿ ਉਸ ਤੋਂ ਡਾਲਰ ਵਾਪਸ ਲੈ ਲਏ ਜਾਣ ਉਹ ਚਾਹੁੰਦਾ ਸੀ ਕਿ ਰਕਮ ਕਢਵਾ ਲਈ ਜਾਵੇ।
ਜੀ ਭਰ ਕੇ ਕੀਤਾ ਖ਼ਰਚ, ਹੁਣ ਕਰਨਾ ਪਵੇਗਾ ਵਾਪਸ (Watch Video)
ਆਉਣ ਵਾਲੇ ਮਹੀਨਿਆਂ ਵਿੱਚ ਦੋਹਾਂ ਨੇ ਜੀ ਭਰ ਕੇ ਖਰਚ ਕੀਤਾ। ਕਈ ਪ੍ਰਾਪਰਟੀਜ਼ ਦੀ ਖ਼ਰੀਦ ਕੀਤੀ ਜਿਸ ’ਚ 13 ਲੱਖ ਡਾਲਰ ਦਾ ਆਲੀਸ਼ਾਨ ਘਰ ਵੀ ਸ਼ਾਮਲ ਹੈ। ਇੱਥੋਂ ਤੱਕ ਕਿ ਇੱਕ ਆਦਮੀ ਨੂੰ ‘ਤੋਹਫ਼ੇ’ ਵਜੋਂ 10 ਲੱਖ ਡਾਲਰ ਵੀ ਦੇ ਦਿੱਤੇ। ਉਸੇ ਸਾਲ ਦਸੰਬਰ ਤੱਕ Crypto.com ਨੇ ਕਾਮਨਵੈਲਥ ਬੈਂਕ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਰਕਮ ਵਾਪਸ ਕਰਨ ਲਈ ਕਿਹਾ ਸੀ। ਬੈਂਕ ਨੇ ਆਉਣ ਵਾਲੇ ਮਹੀਨੇ ਵਿਚ ਮਨੀਵੇਲ ਨਾਲ ਕਈ ਵਾਰ ਸੰਪਰਕ ਕੀਤਾ ਅਤੇ ਕਿਹਾ ਕਿ ਇਹ ਇਕ ਗਲਤੀ ਸੀ ਅਤੇ ਉਸ ਨੂੰ ਇਸ ਨੂੰ ਵਾਪਸ ਕਰਨਾ ਪਵੇਗਾ। ਪਰ ਉਸ ਨੇ ਖਾਤੇ ’ਚ ਬਚੀ 40 ਲੱਖ ਡਾਲਰ ਦੀ ਰਕਮ ਨੂੰ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ 17 ਮਾਰਚ ਨੂੰ ਤੁਲਾਮਰੀਨ ਹਵਾਈ ਅੱਡੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਸਮਝਿਆ ਸੀ ਕਿ ਪੈਸੇ ਮੋੜਨ ਲਈ ਆਈ ਕਾਲ ‘ਸਕੈਮ ਕਾਲ’ ਹੈ।
ਹੁਣ ਵੱਖ ਹੋ ਚੁੱਕੇ ਨੇ ਜਤਿੰਦਰ ਅਤੇ ਮਨੀਵੇਲ
ਜਤਿੰਦਰ ਸਿੰਘ, ਜੋ 2022 ਦੀ ਸ਼ੁਰੂਆਤ ਵਿੱਚ ਮਨੀਵੇਲ ਤੋਂ ਵੱਖ ਹੋ ਗਿਆ ਸੀ, ਨੂੰ ਮਨੀਵੇਲ ਤੋਂ ਇੱਕ ਹਫ਼ਤੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਗਲਤੀ ਨਾਲ ਭੇਜੀ ਗਈ ਰਕਮ ਵਿਚੋਂ ਲਗਭਗ 7 ਤੋਂ 8 ਮਿਲੀਅਨ ਡਾਲਰ ਬਰਾਮਦ ਕਰ ਲਏ ਗਏ ਹਨ। ਮਨੀਵੇਲ ਨੂੰ 209 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਤਿੰਦਰ ਸਿੰਘ ਨੂੰ ਫਰਵਰੀ ਵਿਚ ਸਜ਼ਾ ਤੋਂ ਪਹਿਲਾਂ ਸੁਣਵਾਈ ਲਈ ਅਦਾਲਤ ਵਿਚ ਵਾਪਸ ਆਵੇਗਾ। ਅਦਾਲਤ ਦੇ ਬਾਹਰ, ਉਸਨੇ ਕਿਹਾ ਕਿ ਉਸ ਨੂੰ ਕਾਨੂੰਨ ਤੋੜਨ ਲਈ ਬਹੁਤ ਅਫਸੋਸ ਹੈ ਅਤੇ ਉਮੀਦ ਹੈ ਕਿ ਉਹ ਇਸ ਸਭ ਨੂੰ ਭੁਲਾ ਕੇ ਜ਼ਿੰਦਗੀ ’ਚ ਅੱਗੇ ਵਧੇਗਾ।