ਸਿਡਨੀ ’ਚ ਵਧ ਰਿਹਾ ਕੁੱਤਿਆਂ ਦਾ ਕਹਿਰ, ਕੌਂਸਲ ਨੂੰ ਦਖ਼ਲ ਦੇਣ ਦੀ ਮੰਗ

ਮੈਲਬਰਨ: ਪਿਛਲੇ ਦਿਨੀਂ ਸਿਡਨੀ ’ਚ ਇੱਕ ਕੁੱਤੇ ਵਲੋਂ ਔਰਤ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ਤੋਂ ਬਾਅਦ ਕੌਂਸਲ ਨੂੰ ਇਸ ਵਧ ਰਹੀ ਚਿੰਤਾ ਦਾ ਹੱਲ ਕਰਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਲਿੰਡਾ ਡੋਵੈਲ ਨਾਂ ਦੀ ਇਕ ਕਲੀਨਰ ‘ਤੇ ਕੌਂਡੇਲ ਪਾਰਕ ‘ਚ ਇਕ ਪਾਲਤੂ ਪਿਟਬੁਲ ਨੇ ਹਮਲਾ ਕਰ ਦਿੱਤਾ ਸੀ। ਉਸ ਦੀ ਛਾਤੀ, ਬਾਹਾਂ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਅਤੇ ਉਸ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਲਿਵਰਪੂਲ ਹਸਪਤਾਲ ਲਿਜਾਇਆ ਗਿਆ। ਹਮਲੇ ਤੋਂ ਬਾਅਦ, ਕੁੱਤੇ ਨੂੰ ਕੈਂਟਰਬਰੀ ਬੈਂਕਸਟਾਊਨ ਕੌਂਸਲ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਾਰ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਸਿਡਨੀ ਦੇ ਪੱਛਮ ਵਿਚ ਸਥਿਤ ਵੇਥਰਿਲ ਪਾਰਕ ਦੀ ਵਸਨੀਕ ਬਹਿਜੇ ਐਡਲੂਨੀ ‘ਤੇ ਵੀ ਜੂਨ ਵਿਚ ਸਟੈਫੋਰਡਸ਼ਾਇਰ ਬੁੱਲ ਟੈਰੀਅਰ ਨੇ ਹਮਲਾ ਕੀਤਾ ਸੀ। ਹਮਲੇ ਦੇ ਨਤੀਜੇ ਵਜੋਂ ਉਸ ਦੇ ਕਾਫ਼ੀ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੇ ਦੰਦ ਟੁੱਟ ਗਏ, ਜਬਾੜਾ ਟੁੱਟ ਗਿਆ, ਖੋਪੜੀ ਫਟ ਗਈ ਅਤੇ ਲੱਤ ਨੂੰ ਵੀ ਸੱਟਾਂ ਲੱਗੀਆਂ। ਫੇਅਰਫੀਲਡ ਸਿਟੀ ਕੌਂਸਲ ਵੱਲੋਂ ਕੁੱਤੇ ਦੇ ਮਾਲਕ ਨੂੰ ਜੁਰਮਾਨਾ ਕੀਤੇ ਜਾਣ ਦੇ ਬਾਵਜੂਦ, ਕੁੱਤਾ ਅਜੇ ਵੀ ਗੁਆਂਢ ਵਿੱਚ ਘੁੰਮਦਾ ਰਹਿੰਦਾ ਹੈ, ਜਿਸ ਕਾਰਨ ਐਡਲੂਨੀ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਡਰ ਸਤਾ ਰਿਹਾ ਹੈ।

ਕੁੱਤੇ ਦੇ ਟ੍ਰੇਨਰ ਲਿਆਰਨ ਹੈਨਰੀ ਸੈਲਾਨੀਆਂ ਨੂੰ ਖ਼ਤਰਨਾਕ ਕੁੱਤਿਆਂ ਨਾਲ ਉਨ੍ਹਾਂ ਦੇ ਮਾਲਕਾਂ ਰਾਹੀਂ ਦੋਸਤੀ ਕਰਨ ਦੀ ਸਲਾਹ ਦਿੰਦੇ ਹਨ ਅਤੇ ਜੇ ਸੰਭਵ ਹੋਵੇ ਤਾਂ ਕੁੱਤੇ ਨੂੰ ਮਾਲਕਾਂ ਨਾਲ ਕੁੱਤਿਆਂ ਨੂੰ ਥੋੜ੍ਹੀ ਦੂਰ ਤਕ ਘੁਮਾਉਣ ਲਈ ਲੈ ਜਾਓ।

Leave a Comment