ਚੀਨ ਨੇ ਆਸਟ੍ਰੇਲੀਆਈ ਨਾਗਰਿਕ ਨੂੰ ਸੁਣਾਈ ਮੌਤ ਦੀ ਸਜ਼ਾ, ਆਸਟ੍ਰੇਲੀਆ ਸਰਕਾਰ ਨੇ ਚੁਕਿਆ ਇਹ ਕਦਮ

ਮੈਲਬਰਨ: ਚੀਨ ਦੀ ਰਾਜਧਾਨੀ ਬੀਜਿੰਗ ’ਚ ਇੱਕ ਅਦਾਲਤ ਨੇ ਆਸਟ੍ਰੇਲੀਆ ਦੇ ਨਾਗਰਿਕ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਸ ਦੀ ਇਸ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਪਿੱਛੇ ਜਿਹੇ ਰਿਸ਼ਤਿਆਂ ’ਚ ਪੈਦਾ ਹੋਈ ਗਰਮਾਹਟ ’ਤੇ ਇੱਕ ਵਾਰੀ ਫਿਰ ਖ਼ਤਮ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਪੰਜ ਸਾਲ ਪਹਿਲਾਂ ਯਾਂਗ ਨੂੰ ਚੀਨ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਿੰਨ ਸਾਲ ਪਹਿਲਾਂ ਉਸ ’ਤੇ ਮੁਕੱਦਮਾ ਸ਼ੁਰੂ ਹੋਇਆ ਸੀ। ਯਾਂਗ ਦਾ ਪਰਿਵਾਰ ਅਤੇ ਦੋਸਤ-ਮਿੱਤਰ ਇਸ ਸਜ਼ਾ ਦੇ ਫੈਸਲੇ ਤੋਂ ਸਦਮੇ ’ਚ ਹਨ। ਆਸਟ੍ਰੇਲੀਆਈ ਸਰਕਾਰ ਅਤੇ ਵਿਰੋਧੀ ਧਿਰ ਨੇ ਇਸ ਸਜ਼ਾ ਨੂੰ ਹੈਰਾਨੀਜਨਕ ਦੱਸਿਆ ਹੈ ਅਤੇ ਆਸਟ੍ਰੇਲੀਆ ਵਿਚ ਚੀਨ ਦੇ ਅੰਬੈਸਡਰ ਸ਼ਿਆਓ ਕਿਆਨ ਨੂੰ ਵਿਦੇਸ਼ ਮਾਮਲਿਆਂ ਦੇ ਸਕੱਤਰ ਜਾਨ ਐਡਮਜ਼ ਨੇ ਸਪੱਸ਼ਟੀਕਰਨ ਲਈ ਤਲਬ ਕੀਤਾ। ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕਿਹਾ ਕਿ ਸਰਕਾਰ ਇਸ ਦੁਖਦਾਈ ਖ਼ਬਰ ਤੋਂ ਹੈਰਾਨ ਹੈ ਪਰ ਆਸਟ੍ਰੇਲੀਆ ਨੂੰ ਚੀਨ ਨਾਲ ਤਾਲਮੇਲ ਜਾਰੀ ਰੱਖਣਾ ਹੋਵੇਗਾ।

Leave a Comment