ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਸਾਲ ਦੀ ਆਪਣੀ ਪਹਿਲੀ ਮੀਟਿੰਗ ਦੌਰਾਨ ਕੈਸ਼ ਰੇਟ ਕੋਈ ਵਾਧਾ ਜਾਂ ਘਾਟਾ ਨਾ ਕਰਦਿਆਂ ਇਸ ਨੂੰ 4.35 ’ਤੇ ਹੀ ਸਥਿਰ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ’ਚ ਕੋਈ ਵਾਧਾ ਜਾਂ ਘਾਟਾ ਨਹੀਂ ਹੋਵੇਗਾ ਅਤੇ ਇਹ ਵਧਣਗੇ ਨਹੀਂ। ਹਾਲਾਂਕਿ ਇਹ ਰੇਟ ਅਜੇ ਵੀ 11 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਹੈ।
ਮਹਿੰਗਾਈ ਦਰ ਦੇ ਦਸੰਬਰ ’ਚ ਘਟ ਕੇ 4.1 ਫ਼ੀ ਸਦੀ ਰਹਿਣ ਤੋਂ ਬਾਅਦ ਅਰਥ ਸ਼ਾਸਤਰੀਆਂ ਨੇ ਉਮੀਦ ਪ੍ਰਗਟਾਈ ਸੀ ਕਿ ਕੈਸ਼ ਰੇਟ ’ਚ ਕੋਈ ਤਬਦੀਲੀ ਨਹੀਂ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਜੇਕਰ ਮਹਿੰਗਾਈ ਵਧਦੀ ਹੈ ਤਾਂ ਉਹ ਕੈਸ਼ ਰੇਟ ਵਧਾਉਣ ਤੋਂ ਪਿੱਛੇ ਨਹੀਂ ਹਟੇਗੀ, ਜੋ ਅਜੇ ਵੀ ਬਹੁਤ ਉੱਚੀ ਹੈ। ਬੈਂਕ ਚਾਹੁੰਦਾ ਹੈ ਕਿ ਮਹਿੰਗਾਈ ਦੀ ਦਰ 2-3% ਦੇ ਵਿਚਕਾਰ ਰਹੇ।
RBA ਦੀ ਦੋ ਦਿਨਾਂ ਤਕ ਚੱਲੀ ਬੈਠਕ ’ਚ ਇਹ ਵੀ ਸਿਫ਼ਾਰਸ਼ ਕੀਤੀ ਗਈ ਹੈ ਕਿ ਇਸ ਦੀ ਮੀਟਿੰਗ ਸਾਲ ’ਚ 11 ਦੀ ਬਜਾਏ 8 ਵਾਰੀ ਹੋਵੇਗੀ ਤਾਂ ਕਿ ਉਸ ਨੂੰ ਅਰਥਚਾਰੇ ਦੀ ਸਮੀਖਿਆ ਕਰਨ ਦਾ ਵੱਧ ਸਮਾਂ ਮਿਲ ਸਕੇ। ਆਸਟ੍ਰੇਲੀਆ ’ਚ ਇਸ ਵੇਲੇ ਨੈਸ਼ਨਲ ਔਸਤ ਕਰਜ਼ ਆਕਾਰ 624,383 ਡਾਲਰ ਦਾ ਹੈ ਅਤੇ ਇਸ ’ਤੇ 3836 ਡਾਲਰ ਦੀ ਕਿਸ਼ਤ ਹਰ ਮਹੀਨੇ ਭਰਨੀ ਪੈਂਦੀ ਹੈ।