ਨਿਊਜ਼ੀਲੈਂਡ ’ਚ ਗੁਰਜੀਤ ਸਿੰਘ ਦੀ ਅਚਨਚੇਤ ਮੌਤ ਮਗਰੋਂ ਪੰਜਾਬ ਵਿਖੇ ਪ੍ਰਵਾਰ ਸਦਮੇ ’ਚ, ਮੌਤ ਜਾਂ ਹਾਦਸਾ! ਪੁਲਿਸ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ

ਮੈਲਬਰਨ: ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਡੁਨੇਡਿਨ ਵਿਖੇ ਸਥਿਤ ਘਰ ਬਾਹਰ ਖ਼ੂਨ ਨਾਲ ਲੱਥਪਥ ਮਿਲੀ ਸੀ, ਪਰ ਪੁਲਿਸ ਦੀ ਇੱਕ ਵੱਡੀ ਟੀਮ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਿਰਫ਼ ਇੱਕ ਹਾਦਸਾ ਸੀ ਜਾਂ ਉਸ ਦਾ ਕਤਲ ਕੀਤਾ ਗਿਆ ਸੀ।

27 ਸਾਲਾਂ ਦੇ ਗੁਰਜੀਤ ਸਿੰਘ ਨੇ ਕੁੱਝ ਮਹੀਨੇ ਪਹਿਲਾਂ ਹੀ ਮਕਾਨ ਕਿਰਾਏ ’ਤੇ ਲਿਆ ਸੀ, ਪਰ ਦੋ ਕੁ ਹਫ਼ਤੇ ਪਹਿਲਾਂ ਹੀ ਮਕਾਨ ’ਚ ਚੋਰੀ ਦੀ ਘਟਨਾ ਵਾਪਰਨ ਤੋਂ ਬਾਅਦ ਉਹ ਸੁਰੱਖਿਆ ਪ੍ਰਤੀ ਚਿੰਤਤ ਸੀ ਅਤੇ ਉਸ ਨੇ ਘਰ ’ਚ ਲਗਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਵੀ ਖ਼ਰੀਦ ਲਏ ਸਨ, ਪਰ ਉਸ ਨੂੰ ਕੈਮਰੇ ਲਗਾਉਣ ਦਾ ਮੌਕਾ ਨਹੀਂ ਮਿਲਿਆ।

ਸੋਮਵਾਰ ਨੂੰ ਪੰਜਾਬ ਰਹਿੰਦੀ ਗੁਰਜੀਤ ਸਿੰਘ ਦੀ ਪਤਨੀ ਨੇ ਉਸ ਦੇ ਇੱਕ ਦੋਸਤ ਨੂੰ ਉਸ ਦਾ ਪਤਾ ਲੈਣ ਲਈ ਫ਼ੋਨ ਕੀਤਾ ਕਿਉਂਕਿ ਗੁਰਜੀਤ ਸਿੰਘ ਫ਼ੋਨ ਨਹੀਂ ਚੁੱਕ ਰਿਹਾ ਸੀ। ਜਦੋਂ ਉਸ ਦਾ ਦੋਸਤ ਉਸ ਦੇ ਘਰ ਪੁੱਜਾ ਤਾਂ ਉਸ ਨੂੰ ਗੁਰਜੀਤ ਸਿੰਘ ਦੀ ਲਾਸ਼ ਮਿਲੀ ਸੀ। ਪੰਜਾਬ ਦੇ ਲੁਧਿਆਣਾ ’ਚ ਰਹਿੰਦੇ ਗੁਰਜੀਤ ਸਿੰਘ ਦੇ ਪਿਤਾ ਆਪਣੇ ਪੁੱਤਰ ਦੀ ਮੌਤ ਮਗਰੋਂ ਸਦਮੇ ’ਚ ਹਨ। ਗੁਰਜੀਤ ਤਿੰਨ ਭੈਣਾਂ ਦਾ ਇੱਕੋ-ਇੱਕ ਭਰਾ ਸੀ। ਗੁਰਜੀਤ ਸਿੰਘ ਦਾ ਵਿਆਹ ਛੇ ਕੁ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੀ ਪਤਨੀ ਨੇ ਇੱਕ ਮਹੀਨੇ ਬਾਅਦ ਨਿਊਜ਼ੀਲੈਂਡ ਆਉਣਾ ਸੀ। ਘਰਵਾਲੀ ਨਾਲ ਕਰਾਈਸਟਚਰਚ ਵਿਖੇ ਛੁੱਟੀਆਂ ਮਨਾਉਣ ਲਈ ਉਸ ਨੇ ਏਅਰਬੀਐਨਬੀ ’ਤੇ ਕਮਰੇ ਵੀ ਬੁੱਕ ਕੀਤੇ ਹੋਏ ਸਨ। ਗੁਰਜੀਤ ਸਿੰਘ 2015 ’ਚ ਸਟੂਡੈਂਟ ਵੀਜ਼ਾ ’ਤੇ ਨਿਊਜ਼ੀਲੈਂਡ ਆਇਆ ਸੀ ਅਤੇ ਮਿਹਨਤ ਕਰ ਕੇ ਉਸ ਨੇ ਫ਼ਾਈਬਰ ਟੈਲੀਕਮਿਊਨੀਕੇਸ਼ਨ ਕੰਪਨੀ ਕੋਰਸ ’ਚ ਟੈਕਨੀਸ਼ੀਅਨ ਵੱਜੋਂ ਨੌਕਰੀ ਪ੍ਰਾਪਤ ਕਰ ਲਈ ਸੀ।

ਇਸ ਵੇਲੇ 25 ਜਾਂਚਕਰਤਾਵਾਂ ਦੀ ਟੀਮ ਗੁਰਜੀਤ ਸਿੰਘ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਉਸ ਨਾਲ ਕੰਮ ਕਰਨ ਵਾਲਿਆਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਪੋਸਟਮਾਰਟਮ ਬੁਧਵਾਰ ਨੂੰ ਕਰਾਈਸਟਚਰਚ ਵਿਖੇ ਹੋਵੇਗਾ।

ਓਟੈਗੋ ਪੰਜਾਬੀ ਫ਼ਾਊਂਡੇਸ਼ਨ ਟਰੱਸਟ ਦੇ ਮੈਂਬਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਹ ਬਹੁਤ ਮਿਹਨਤੀ ਇਨਸਾਨ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਆਪਣੀ ਜਾਨ ਨਾਲੋਂ ਆਪਣੀਆਂ ਮਿਹਨਤ ਨਾਲ ਕਮਾਈਆਂ ਚੀਜ਼ਾਂ ਦੀ ਚਿੰਤਾ ਜ਼ਿਆਦਾ ਸੀ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਘਰ ਬਾਹਰ ਪਈ ਸੀ ਪਰ ਇਲਾਕੇ ’ਚ ਲੰਘਦੇ-ਵੜਦੇ ਕਿਸੇ ਵੀ ਵਿਅਕਤੀ ਨੇ ਇਸ ਵਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਹਮਣੇ ਆਵੇ।

 

Leave a Comment