ਕਾਸਮੈਟਿਕ ਉਤਪਾਦਾਂ ’ਤੇ ਨਿਊਜ਼ੀਲੈਂਡ ਸਰਕਾਰ ਦਾ ਵੱਡਾ ਫੈਸਲਾ, “ਫਾਰਐਵਰ ਕੈਮੀਕਲ” ਹੋਣਗੇ ਬੰਦ

ਮੈਲਬਰਨ: ਨਿਊਜ਼ੀਲੈਂਡ ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ 31 ਦਸੰਬਰ, 2026 ਤੋਂ ਕਾਸਮੈਟਿਕ ਉਤਪਾਦਾਂ ਵਿੱਚ ਪ੍ਰਯੋਗ ਕੀਤੇ ਜਾਂਦੇ ਪੌਲੀ ਫਲੋਰੋ ਅਲਕਾਇਲ ਪਦਾਰਥਾਂ (PFAS) ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਅਕਸਰ “ਫਾਰਐਵਰ ਕੈਮੀਕਲ” ਕਿਹਾ ਜਾਂਦਾ ਹੈ। PFAS ਨੇਲ ਪਾਲਿਸ਼, ਸ਼ੈਵਿੰਗ ਕਰੀਮ, ਫਾਊਂਡੇਸ਼ਨ, ਲਿਪਸਟਿਕ ਅਤੇ ਮਸਕਾਰਾ ਵਰਗੇ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ। ਇਨ੍ਹਾਂ ਦਾ ਪ੍ਰਯੋਗ ਲੰਮੇਂ ਸਮੇਂ ਟਿਕਾਊ ਹੋਣ ਅਤੇ ਪਾਣੀ ਪੈਣ ’ਤੇ ਵੀ ਨਾ ਹਿੱਲਣ ਕਾਰਨ ਕੀਤਾ ਜਾਂਦਾ ਹੈ। ਹਾਲਾਂਕਿ, ਇਹ ਸਾਡੇ ਸਰੀਰ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ, ਅਤੇ ਉੱਚ ਪੱਧਰ ‘ਤੇ ਜ਼ਹਿਰੀਲੇ ਸਾਬਤ ਹੋ ਸਕਦੇ ਹਨ।

ਇਹ ਫੈਸਲਾ PFAS ਦੇ ਸੰਭਾਵਿਤ ਖ਼ਤਰਿਆਂ ਪ੍ਰਤੀ ਨਿਊਜ਼ੀਲੈਂਡ ਦੀ ਚੱਲ ਰਹੀ ਪ੍ਰਤੀਕਿਰਿਆ ਦਾ ਹਿੱਸਾ ਹੈ, ਜਿਸ ਵਿੱਚ ਸਾਰੇ PFAS ਵਾਲੇ ਅੱਗ ਬੁਝਾਊ ਫੋਮ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨਾ ਅਤੇ ਵਾਤਾਵਰਣ ਵਿੱਚ PFAS ਦੇ ਪਿਛੋਕੜ ਦੇ ਪੱਧਰਾਂ ਦੀ ਜਾਂਚ ਕਰਨਾ ਵੀ ਸ਼ਾਮਲ ਹੈ।

31 ਦਸੰਬਰ, 2026 ਤੋਂ ਨਿਊਜ਼ੀਲੈਂਡ ਵਿੱਚ PFAS ਵਾਲੇ ਕਾਸਮੈਟਿਕ ਉਤਪਾਦਾਂ ਦੇ ਆਯਾਤ ਜਾਂ ਨਿਰਮਾਣ ‘ਤੇ ਪਾਬੰਦੀ ਹੋਵੇਗੀ। 31 ਦਸੰਬਰ, 2027 ਤੋਂ, ਅਜਿਹੇ ਉਤਪਾਦਾਂ ਦੀ ਵਿਕਰੀ ਜਾਂ ਸਪਲਾਈ ‘ਤੇ ਪਾਬੰਦੀ ਹੋਵੇਗੀ, ਅਤੇ 30 ਜੂਨ, 2028 ਤੱਕ, PFAS ਵਾਲੇ ਸਾਰੇ ਕਾਸਮੈਟਿਕ ਉਤਪਾਦਾਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਇਸ ਕਦਮ ਨਾਲ ਖਪਤਕਾਰਾਂ ਅਤੇ ਵਾਤਾਵਰਣ ਦੀ ਹੋਰ ਰੱਖਿਆ ਹੋਣ ਦੀ ਉਮੀਦ ਹੈ।

Leave a Comment