ਮੈਲਬਰਨ ਦੇ ‘ਬਹਾਦਰ’ ਡਾਕਟਰ ਦਾ ਕਤਲ ਕਰਨ ਵਾਲੇ ਅਜੇ ਤਕ ਫ਼ਰਾਰ, ਪ੍ਰਵਾਰ ਨੇ ਕੀਤੀ ਆਸਟ੍ਰੇਲੀਆ ਦੀ ਨਿਆਂ ਵਿਵਸਥਾ ਬਾਰੇ ਇਹ ਟਿੱਪਣੀ

ਮੈਲਬਰਨ: ਇੱਕ ਨੌਜੁਆਨ ਡਾਕਟਰ ਦੀ ਮੌਤ ਤੋਂ ਬਾਅਦ ਵਿਲਕ ਰਹੇ ਪ੍ਰਵਾਰ ਨੇ ਉਸ ਦੇ ਕਾਤਲਾਂ ਨੂੰ ‘ਧਰਤੀ ਦਾ ਮੈਲ’ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਕਾਤਲਾਂ ਨੂੰ ਉਸੇ ਤਰ੍ਹਾਂ ਤੜਪਦਾ ਵੇਖਣਾ ਚਾਹੁੰਦੇ ਹਨ ਜਿਸ ਤਰ੍ਹਾਂ ਡਾ. ਐਸ਼ ਗੋਰਡਨ ਦਾ ਪ੍ਰਵਾਰ ਉਸ ਦੇ ਜਾਣ ਤੋਂ ਬਾਅਦ ਤੜਪ ਰਿਹਾ ਹੈ। 33 ਸਾਲ ਦੇ ਡਾ. ਐਸ਼ ਗੋਰਡਨ ਨੂੰ ਮੈਲਬਰਨ ’ਚ ਉਸ ਦੇ ਘਰ ਤੋਂ ਅੱਧਾ ਕੁ ਕਿਲੋਮੀਟਰ ਦੂਰ ਸ਼ਨੀਵਾਰ ਰਾਤ ਸਮੇਂ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਘਰ ’ਚ ਚੋਰੀ ਕਰਨ ਵਾਲਿਆਂ ਦਾ ਪਿੱਛਾ ਕਰ ਰਿਹਾ ਸੀ।

ਉਸ ਦੀ ਭੈਣ ਨਤਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਐਸ਼ ਪ੍ਰਵਾਰ ਬਹੁਤ ਚੰਗਾ ਇਨਸਾਨ ਸੀ ਅਤੇ ਸਭ ਦੀ ਅੱਖ ਦਾ ਤਾਰਾ ਸੀ। ਹਰ ਕਿਸੇ ਨੂੰ ਉਸ ’ਤੇ ਮਾਣ ਸੀ। ਉਸ ਦੇ ਮਾਤਾ ਅਤੇ ਪਿਤਾ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਟੁੱਟ ਚੁੱਕੇ ਹਨ ਅਤੇ ਇਹੀ ਹਾਲ ਉਸ ਦੀ ਗਰਲਫ਼ਰੈਂਡ ਦਾ ਵੀ ਹੈ। ਉਸ ਦੇ ਇੱਕ ਦੋਸਤ ਨੇ ਕਿਹਾ ਕਿ ਐਸ਼ ਬਹੁਤ ਬਹਾਦਰ ਇਨਸਾਨ ਸੀ ਅਤੇ ਉਸ ਨੇ ਆਪਣੇ ਦੋਸਤਾਂ ਨੂੰ ਚੋਰਾਂ ਤੋਂ ਬਚਾਉਣ ਲਈ ਉਨ੍ਹਾਂ ’ਤੇ ਹਮਲਾ ਕੀਤਾ ਅਤੇ ਘਰ ਤੋਂ ਭਜਾ ਦਿੱਤਾ। ਇਹੀ ਨਹੀਂ ਉਸ ਨੇ ਆਪਣੀ ਕਾਰ ’ਚ ਪਿੱਛਾ ਕਰ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਘਰ ਤੋਂ ਅੱਧਾ ਕੁ ਕਿੱਲੋਮੀਟਰ ਦੂਰ ਚੋਰਾਂ ਨੇ ਉਸ ਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਕੇ ਅਤੇ ਕਾਰ ਹੇਠ ਦਰੜ ਕੇ ਉਸ ਦਾ ਕਤਲ ਕਰ ਦਿੱਤਾ। ਚੋਰ ਘਰ ਤੋਂ ਲੈਪਟਾਪ ਅਤੇ ਮਹਿੰਗੇ ਬੂਟ ਚੋਰੀ ਕਰ ਕੇ ਲੈ ਗਏ ਅਤੇ ਅਜੇ ਤਕ ਪੁਲਿਸ ਦੇ ਕਾਬੂ ’ਚ ਨਹੀਂ ਆਏ ਹਨ।

ਡਾ. ਐਸ਼ ਦੀ ਭੈਣ ਨੇ ਕਿਹਾ, ‘‘ਅੱਜਕਲ੍ਹ ਨਿਆਂ ਵਿਵਸਥਾ ਕਮਜ਼ੋਰ ਪੈ ਚੁੱਕੀ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਸਖ਼ਤ ਸਜ਼ਾਵਾਂ ਨੂੰ ਵਾਪਸ ਲਿਆਂਦਾ ਜਾਵੇ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਹੋਰਨਾਂ ਲੋਕਾਂ ਦੀ ਕਦਰ ਕਰਨੀ ਸਿੱਖਣ ਅਤੇ ਇਨਸਾਨਾਂ ਇਸ ਤਰ੍ਹਾਂ ਨਾ ਕਰਨ ਜਿਸ ਤਰ੍ਹਾਂ ਦੇ ਮੇਰੇ ਭਰਾ ਨਾਲ ਕੀਤਾ ਗਿਆ।’’ ਉਸ ਨੇ ਕਿਹਾ, ‘‘ਪੁਲਿਸ ਜੋ ਕਰ ਸਕਦੀ ਹੈ ਕਰ ਰਹੀ ਹੈ। ਪਰ ਇਹ ਲੋਕ ਅਜਿਹੇ ਕੰਮਾਂ ਤੋਂ ਜੇਲ੍ਹ ਜਾਣ ਤੋਂ ਬਾਅਦ ਵੀ ਟਲ ਨਹੀਂ ਰਹੇ। ਕੁੱਝ ਸਾਲਾਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਅਤੇ ਇਹ (ਅਪਰਾਧਾਂ ਨੂੰ ਠੱਲ੍ਹ ਪਾਉਣ ਲਈ) ਕਾਫ਼ੀ ਨਹੀਂ ਹੈ।’’

ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਕਾਤਲਾਂ ਬਾਰੇ ਕੁੱਝ ਪਤਾ ਹੋਵੇ ਉਹ ਪੁਲਿਸ ਨਾਲ ਸੰਪਰਕ ਕਰੇ।

Leave a Comment