ਮੈਲਬਰਨ: ਆਸਟ੍ਰੇਲੀਆ ’ਚ ਨਵੰਬਰ ਮਹੀਨੇ ਦੌਰਾਨ ਮਹਿੰਗਾਈ ਦਰ ’ਚ ਹੋਈ ਕਟੌਤੀ ਤੋਂ ਬਾਅਦ ਇਹ ਗੱਲ ਪੱਕੀ ਹੋ ਗਈ ਹੈ RBA ਵਿਆਜ ਦਰਾਂ ’ਚ ਵਾਧਾ ਨਹੀਂ ਕਰਨ ਵਾਲਾ ਹੈ। ਹਾਲਾਂਕਿ ਵਿਆਜ ਦਰਾਂ ’ਚ ਕਟੌਤੀ ਬਾਰੇ ਕਿਆਸੇ ਲਗਾਏ ਜਾ ਰਹੇ ਹਨ।
ਡੇਲੋਇਟ ਐਕਸੈੱਸ ਇਕੋਨੋਮਿਕਸ ਦੇ ਪਾਰਟਨਰ ਸਟੀਫ਼ਨ ਸਮਿੱਥ ਨੇ ਕਿਹਾ, ‘‘ਸਾਨੂੰ ਲਗਦਾ ਹੈ ਕਿ ਵਿਆਜ ਦਰਾਂ ਇਸ ਵੇਲੇ ਸਿਖਰ ’ਤੇ ਹਨ। ਹੋ ਸਕਦਾ ਹੈ ਕਿ ਵਿਆਜ ਦਰਾਂ ’ਚ 2024 ਦੇ ਅਖੀਰ ਤਕ ਕਟੌਤੀ ਕੀਤੀ ਜਾਵੇ।’’ ਉਨ੍ਹਾਂ ਕਿਹਾ ਕਿ ਇਹ ਕਟੌਤੀ ਸਤੰਬਰ ਮਹੀਨੇ ’ਚ ਹੋ ਸਕਦੀ ਹੈ ਕਿਉਂਕਿ RBA ਵਿਆਜ ਦਰਾਂ ’ਚ ਕਟੌਤੀ ਤੋਂ ਪਹਿਲਾਂ ਇਹ ਪੱਕਾ ਕਰਨਾ ਚਾਹੇਗਾ ਕਿ ਮਹਿੰਗਾਈ ਦਰ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਜਦਕਿ ਬਾਜ਼ਾਰ ਦੇ ਇੱਕ ਹੋਰ ਮਾਹਰ ਜੋਸ਼ ਗਿਲਬਰਟ ਨੇ ਕਿਹਾ ਕਿ ਜੇਕਰ ਮਹਿੰਗਾਈ ਦਰ ਘਟਦੀ ਰਹਿੰਦੀ ਹੈ ਤਾਂ ਵਿਆਜ ਦਰਾਂ ’ਚ ਕਟੌਤੀ ਅਗਸਤ ’ਚ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ RBA ਵੱਲੋਂ ਵਿਆਜ ਦਰਾਂ ਵਧਾਉਣ ਕਾਰਨ ਕਰਜ਼ਦਾਰਾਂ ਦੀ ਜੇਬ੍ਹ ਹੁਣ ਤਕ ਕਾਫ਼ੀ ਹਲਕੀ ਹੋ ਚੁੱਕੀ ਹੈ। ਹਾਲਾਂਕਿ ਵਿਆਜ ਦਰਾਂ ’ਚ ਕਟੌਤੀ ਨਾਲ ਬਚਤ ਕਰਨ ਵਾਲਿਆਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।