ਮੈਲਬਰਨ: ਮੌਸਮ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ਸਟੇਟ ਨੂੰ ਪੈਰਾਂ ਭਾਰ ਖੜ੍ਹਾ ਕਰਨ ਲਈ ਫ਼ੈਡਰਲ ਸਰਕਾਰ ਵੱਲੋਂ ਵਾਧੂ ਫੰਡ ਜਾਰੀ ਕੀਤੇ ਜਾਣਗੇ। ਸਟੇਟ ਨੂੰ ਬਿਜਲੀ ਡਿੱਗਣ ਦੀਆਂ ਲੱਖਾਂ ਘਟਨਾਵਾਂ ਸਮੇਤ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਟੇਟ ਲਈ 5 ਕਰੋੜ ਡਾਲਰ ਦੀ ਵਾਧੂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਕ੍ਰਿਸਮਸ ਵਾਲੇ ਦਿਨ ਤੂਫਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਸ਼ੁਰੂ ਵਿੱਚ 130,000 ਤੋਂ ਵੱਧ ਘਰਾਂ ਨੂੰ ਬਿਜਲੀ ਤੋਂ ਵਾਂਝਾ ਕਰ ਦਿੱਤਾ।
ਰਿਕਵਰੀ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਗਿਆ ਹੈ, ਜਿਸ ਵਿੱਚ 35 ਲੱਖ ਵਾਰੀ ਬਿਜਲੀ ਡਿੱਗਣ ਕਾਰਨ ਪ੍ਰਭਾਵਿਤ ਲਗਭਗ 1,000 ਬਿਜਲੀ ਲਾਈਨਾਂ ਨੂੰ ਦੁਬਾਰਾ ਜੋੜਨ ਲਈ 80,000 ਕੰਮ ਦੇ ਘੰਟੇ ਬਿਤਾਏ ਗਏ ਹਨ। ਮੌਸਮ ਦੀ ਮਾਰ ਤੋਂ ਪ੍ਰਭਾਵਤ ਪ੍ਰਾਇਮਰੀ ਉਤਪਾਦਕਾਂ ਨੂੰ 75,000 ਡਾਲਰ ਤੱਕ ਅਤੇ ਛੋਟੇ ਕਾਰੋਬਾਰਾਂ ਤੇ not-for-profit ਸੰਗਠਨਾਂ ਲਈ 50,000 ਡਾਲਰ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।
ਇਹ ਫੰਡਿੰਗ ਦਸੰਬਰ ਵਿੱਚ ਐਲਾਨੇ ਗਏ 64 ਮਿਲੀਅਨ ਡਾਲਰ ਦੇ ਪੈਕੇਜ ਤੋਂ ਇਲਾਵਾ ਹੈ। ਹੁਣ ਤੱਕ, ਸਟੇਟ ਦੇ ਦੱਖਣ-ਪੂਰਬ ਵਿੱਚ 60,000 ਲੋਕਾਂ ਨੂੰ ਫ਼ੈਡਰਲ ਆਫ਼ਤ ਰਾਹਤ ਭੁਗਤਾਨ ਵਜੋਂ 105 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ ਹੈ, ਅਤੇ ਧੁਰ ਉੱਤਰ ਵਿੱਚ 26,000 ਲੋਕਾਂ ਨੂੰ ਹੋਰ 45 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ ਹੈ। ਫੈਡਰਲ ਖਜ਼ਾਨਚੀ ਜਿਮ ਚੈਲਮਰਜ਼ ਨੇ ਬੀਮਾਕਰਤਾਵਾਂ ਨੂੰ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।