ਨਿਊ ਸਾਊਥ ਵੇਲਜ਼ `ਚ 60 ਡਾਲਰ ਟੋਲ ਕੈਪ ਦਾ ਨਵਾਂ ਨਿਯਮ (NSW Toll Cap)- ਅੱਜ 1 ਜਨਵਰੀ ਤੋਂ ਮਿਲ ਸਕੇਗੀ 340 ਡਾਲਰ ਦੀ ਰਿਬੇਟ

ਸਿਡਨੀ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਵਿੱਚ 60 ਡਾਲਰ ਟੋਲ ਕੈਪ (NSW Toll Cap) ਵਾਲਾ ਨਿਯਮ ਅੱਜ 1 ਜਨਵਰੀ 2024 ਤੋਂ ਲਾਗੂ ਹੋ ਗਿਆ ਹੈ। ਜਿਸ ਨਾਲ 7 ਲੱਖ 20 ਡਰਾਈਵਰਾਂ ਨੂੰ ਫਾਇਦਾ ਹੋਣ ਦੀ ਆਸ ਹੈ। ਭਾਵ ਨਿੱਜੀ ਕਾਰ ਚਲਾਉਣ ਵਾਲੇ ਟੋਲ ਰਿਬੇਟ ਲੈਣ ਲਈ ਯੋਗ ਹੋਣਗੇ ਤੇ ਉਨ੍ਹਾਂ ਨੂੰ ਹਰ ਹਫ਼ਤੇ 60 ਡਾਲਰ ਤੋਂ ਵੱਧ ਟੋਲ ਨਹੀਂ ਭਰਨਾ ਪਵੇਗਾ। ਜੇ ਇਸ ਤੋਂ ਵੱਧ ਭਰਨਗੇ ਤਾਂ ਵਾਪਸ ਕਰਵਾ ਸਕਣਗੇ। ਸ਼ਰਤ ਇਹ ਹੈ ਟੋਲ ਦੌਰਾਨ ਵਰਤੀ ਜਾਣ ਵਾਲੀ ਕਾਰ ਨਿੱਜੀ ਕੰਮ ਵਾਸਤੇ ਵਰਤਣ ਵਾਲੀ ਹੋਣੀ ਚਾਹੀਦੀ ਹੈ। ਇਸ ਵਿੱਚ ਰਾਈਡ ਸ਼ੇਅਰ (ਜਿਵੇਂ ਊਬਰ, ਟੈਕਸੀ) ਕਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸ਼ਰਤ ਇਹ ਵੀ ਹੈ ਕਿ ਲਾਭ ਲੈਣ ਵਾਲਾ ਵਿਅਕਤੀ ਨਿਊ ਸਾਊਥ ਵੇਲਜ ਦਾ ਵਾਸੀ ਹੋਣੀ ਚਾਹੀਦਾ ਹੈ ਤੇ ਟੋਲ ਨਿਊ ਸਾਊਥ ਵੇਲਜ `ਚ ਹੀ ਭਰਿਆ ਹੋਣਾ ਚਾਹੀਦਾ ਹੈ। ਕਿਸੇ ਹੋਰ ਸਟੇਟ ਵਿੱਚ ਦਿੱਤਾ ਗਿਆ ਟੋਲ ਵਾਪਸੀ ਯੋਗ ਨਹੀਂ ਹੋਵੇਗਾ।

ਇਸ ਬਾਰੇ ਲੇਬਰ ਪਾਰਟੀ ਨੇ ਮਾਰਚ ਮਹੀਨੇ ਸਟੇਟ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਇਹ ਫ਼ੈਸਲਾ ਲਾਗੂ ਕੀਤਾ ਜਾਵੇਗਾ। ਉਸ ਵੇਲੇ ਇਹ ਪਾਰਟੀ ਵਿਰੋਧੀ ਧਿਰ `ਚ ਸੀ ਤੇ ਹੁਣ ਸਰਕਾਰ ਚਲਾ ਰਹੀ ਹੈ, ਜਿਸਨੇ ਚੋਣ ਵਾਅਦਾ ਪੁਗਾ ਦਿੱਤਾ ਹੈ।
ਦੋ ਸਾਲ ਦਾ ਇਹ ਟਰਾਇਲ ਅੱਜ 1 ਜਨਵਰੀ ਤੋਂ ਲਾਗੂ ਹੋ ਗਿਆ ਹੈ ਅਤੇ ਰਿਬੇਟ ਮਿਲਣ ਦਾ ਸਿਲਸਿਲਾ ‘ਸਰਵਿਸਜ ਨਿਊ ਸਾਊਥ ਵੇਲਜ਼’ ਰਾਹੀਂ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ। ਜਿਸ ਨਾਲ ਵੈਸਟਰਨ ਅਤੇ ਨੌਰਥ ਵੈਸਟ ਸਿਡਨੀ ਦੇ ਮੋਟਰਿਸਟਾਂ ਨੂੰ ਵਧੇਰੇ ਫਾਇਦਾ ਹੋਣ ਦੀ ਸੰਭਾਵਨਾ ਹੈ।