ਮੈਲਬਰਨ: ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਕੁਝ ਕੋਰੀਅਰ ਕੰਪਨੀਆਂ ਦੇ ਮਾਲਕਾਂ ਨੇ ਵੀ ਹੱਥ ਮਿਲਾ ਲਏ ਹਨ। ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥ ਬਣਾਉਣ ਲਈ ਕੱਚਾ ਮਾਲ ਭੇਜਣ ’ਚ ਕਥਿਤ ਸਬੰਧਾਂ (Indo-Australia drug syndicate) ਦੇ ਦੋਸ਼ ਹੇਠ ਤਿੰਨ ਕੋਰੀਅਰ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। NCB ਨੇ ਮੁਲਜ਼ਮਾਂ ਕੋਲੋਂ 9.8 ਕਿਲੋਗ੍ਰਾਮ ਐਮਫੇਟਾਮਾਈਨ, 2.5 ਕਿਲੋਗ੍ਰਾਮ (9,800 ਟੈਬ) ਜ਼ੋਲਪੀਡੇਮ ਟਾਰਟੇਰੇਟ (ਨੀਂਦ ਦੀਆਂ ਗੋਲੀਆਂ) ਅਤੇ 6.5 ਕਿਲੋਗ੍ਰਾਮ (18,700 ਟੈਬ) ਟ੍ਰਾਮਾਡੋਲ (ਦਰਦ ਨਿਵਾਰਕ ਦਵਾਈਆਂ) ਜ਼ਬਤ ਕੀਤੀਆਂ ਹਨ।
NCB ਮੁੰਬਈ ਦੇ ਜ਼ੋਨਲ ਡਾਇਰੈਕਟਰ ਅਮਿਤ ਘਵਾਟੇ ਨੇ ਕਿਹਾ, ‘‘NCB ਮੁੰਬਈ ਇੱਕ ਅੰਤਰਰਾਸ਼ਟਰੀ ਕੋਰੀਅਰ ਰਾਹੀਂ ਆਸਟ੍ਰੇਲੀਆ ਭੇਜੀ ਜਾ ਰਹੀ ਖੇਪ ਬਾਰੇ ਖੁਫੀਆ ਜਾਣਕਾਰੀ ‘ਤੇ ਨਜ਼ਰ ਰੱਖ ਰਹੀ ਸੀ। ਵਿਆਪਕ ਡਾਟਾ ਵਿਸ਼ਲੇਸ਼ਣ ਤੋਂ ਬਾਅਦ, ਇੱਕ ਪਾਰਸਲ ਦੀ ਪਛਾਣ ਕੀਤੀ ਗਈ ਅਤੇ DHL ਕੋਰੀਅਰ, ਮੁੰਬਈ ਵਿਖੇ ਰੋਕਿਆ ਗਿਆ। ਜਦੋਂ ਖੋਲ੍ਹਿਆ ਗਿਆ, ਤਾਂ ਉਸ ’ਚ ਸਟੀਲ ਟੇਬਲ ਫਰਨੀਚਰ ਮਿਲਿਆ। ਜਦੋਂ ਨੇੜਿਉਂ ਜਾਂਚ ਕੀਤੀ ਗਈ, ਤਾਂ ਨਸ਼ੀਲੇ ਪਦਾਰਥ ਤਿਆਰ ਕਰਨ ਲਈ ਕੱਚੇ ਮਾਲ ਦੇ ਪੈਕੇਟ ਮੇਜ਼ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਬਕਸਿਆਂ ਅੰਦਰ ਲੁਕੇ ਹੋਏ ਮਿਲੇ। ਇਨ੍ਹਾਂ ਸਾਰੇ ਪੈਕੇਟਾਂ ’ਚ ਚਿੱਟਾ ਪਾਊਡਰ ਪਦਾਰਥ ਸੀ, ਜਿਸ ਦੀ ਜਾਂਚ ਕਰਨ ‘ਤੇ ਐਮਫੈਟਾਮਾਈਨ ਹੋਣ ਦੀ ਪੁਸ਼ਟੀ ਹੋਈ।’’
ਜਾਂਚ ਦੇ ਆਧਾਰ ‘ਤੇ ਵੀ ਇਸ ਮਾਮਲੇ ’ਚ ਵੀ. ਸਿੰਘ ਨਾਂ ਦੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਉਸ ਨੂੰ ਬੀਤੀ 19 ਦਸੰਬਰ ਨੂੰ ਮੁੰਬਈ ਵਿੱਚ ਰੋਕਿਆ ਗਿਆ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਦੋ ਸਾਥੀਆਂ ਜੀ. ਮਿਸ਼ਰਾ ਅਤੇ ਪੀ. ਸ਼ਰਮਾ ਦੀ ਸ਼ਮੂਲੀਅਤ ਮੁੰਬਈ ਵਿੱਚ ਪਾਈ ਗਈ। ਉਨ੍ਹਾਂ ਦੇ ਟਿਕਾਣਿਆਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਬਦਲੀਆਂ ਗਈਆਂ ਫਾਰਮਾਸਿਊਟੀਕਲ ਦਵਾਈਆਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਗਈ ਜੋ ਵਿਦੇਸ਼ਾਂ ਵਿੱਚ ਭੇਜਣ ਲਈ ਤਿਆਰ ਸਨ। ਮਿਸ਼ਰਾ ਅਤੇ ਸ਼ਰਮਾ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਘਵਾਟੇ ਨੇ ਕਿਹਾ ਕਿ ਸਿੰਡੀਕੇਟ ਪਿਛਲੇ 2-3 ਸਾਲਾਂ ਤੋਂ ਇਸ ਕਾਰੋਬਾਰ ਵਿੱਚ ਸੀ ਅਤੇ ਨਸ਼ਿਆਂ ਦੀਆਂ ਅਜਿਹੀਆਂ ਖੇਪਾਂ ਭੇਜਣ ਲਈ ਦਸਤਾਵੇਜ਼ਾਂ ਦੀ ਦੁਰਵਰਤੋਂ ਕਰ ਰਿਹਾ ਸੀ।