ਮੈਲਬਰਨ ਸੈਂਟਰਲ ’ਚ ਲਾਂਚ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਇਨਡੋਰ ਮੋਨੋਪਲੀ ਥੀਮ ਪਾਰਕ (Monopoly theme park)

ਮੈਲਬਰਨ: ਮੈਲਬਰਨ ’ਚ ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮੋਨੋਪੋਲੀ ਥੀਮ ਪਾਰਕ (Monopoly theme park), ਮੋਨੋਪਲੀ ਡ੍ਰੀਮਜ਼ ਸ਼ੁਰੂ ਹੋ ਗਿਆ ਹੈ, ਜੋ ਕਿ ਕਲਾਸਿਕ ਗੇਮ ’ਤੇ ਆਧਾਰਿਤ ਇੱਕ ਬੇਹੱਦ ਮਨੋਰੰਜਨ ਦਾ ਸਰੋਤ ਹੈ। ਸੀ.ਬੀ.ਡੀ. ’ਚ ਮੈਲਬੌਰਨ ਸੈਂਟਰਲ ਦੀ ਹੇਠਲੀ ਮੰਜ਼ਿਲ ’ਤੇ ਸਥਿਤ ਥੀਮ ਪਾਰਕ, ਕਈ ਤਰ੍ਹਾਂ ਦੀਆਂ ਮੋਨੋਪਲੀ-ਥੀਮ ਵਾਲੀਆਂ ਖੇਡਾਂ ਦੀ ਪੇਸ਼ਕਸ਼ ਕਰਦਾ ਹੈ ਜਿੱਥੇ ਖਿਡਾਰੀ ਮੋਨੋਪਲੀ ਮਨੀ ਜਿੱਤ ਸਕਦੇ ਹਨ।

ਇਸ ਪਾਰਕ ਦੀ ਪ੍ਰਮੁੱਖ ਵਿਸ਼ੇਸ਼ਤਾ ‘ਗੋ ਟੂ ਜੇਲ’ ਹੈ ਜਿੱਥੇ ਖਿਡਾਰੀਆਂ ਨੂੰ ਬਾਹਰ ਨਿਕਲਣ ਲਈ ਇੱਕ ਸਕ੍ਰੀਨ ’ਤੇ ਕੋਡਾਂ ਦੀ ਇੱਕ ਲੜੀ ਨੂੰ ਤੋੜਨਾ ਪੈਂਦਾ ਹੈ, ਮੈਲਬਰਨ ਲਈ ਵਿਲੱਖਣ ਪ੍ਰਾਪਰਟੀ ਡੀਡ ਦਾ ਸੰਗ੍ਰਹਿ, ਇੱਕ ਕਲਾਸਿਕ ਟਰਾਮ ’ਤੇ 4D ਸਿਨੇਮਾ, ਇੱਕ ਲੇਜ਼ਰ ਭੁੱਲ-ਭੁਲੱਈਆ, ਅਤੇ ਇੱਕ ਕਮਰਾ ਜਿੱਥੇ ਖਿਡਾਰੀ ਉਡਦੇ ਮੋਨੋਪਲੀ ਮਨੀ ਨੂੰ ਫੜ ਸਕਦੇ ਹਨ। ਖਿਡਾਰੀਆਂ ਵੱਲੋਂ ਜਿੱਤਿਆ ਮੋਨੋਪਲੀ ਦਾ ਪੈਸਾ ਤੋਹਫ਼ਿਆਂ ਦੀ ਦੁਕਾਨ ਅਤੇ ਕੈਫੇ ਵਿੱਚ ਖਰਚਿਆ ਜਾ ਸਕਦਾ ਹੈ।

ਮੈਲਬਰਨ ਮੋਨੋਪੋਲੀ ਡ੍ਰੀਮਜ਼ ਹਾਂਗ ਕਾਂਗ ਦੇ ਅਸਲ ਥੀਮ ਪਾਰਕ ਨਾਲੋਂ ਲਗਭਗ ਦੁੱਗਣਾ ਵੱਡਾ ਹੈ ਅਤੇ ਇਸ ਨੂੰ ਬਣਾਉਣ ਲਈ 2 ਕਰੋੜ ਡਾਲਰ ਦੀ ਲਾਗਤ ਆਈ ਹੈ। ਪਾਰਕ ਨੂੰ ਪੂਰੇ ਸਾਲ ਦੌਰਾਨ ਲਗਭਗ 5 ਲੱਖ ਸੈਲਾਨੀਆਂ ਦੀ ਉਮੀਦ ਹੈ।

ਟਿਕਟਾਂ ਦੀ ਕੀਮਤ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 49.50 ਡਾਲਰ, 3 ਤੋਂ 5 ਸਾਲ ਦੇ ਬੱਚਿਆਂ ਲਈ 38.50 ਡਾਲਰ ਅਤੇ ਰਿਆਇਤ ’ਤੇ 42.50 ਡਾਲਰ ਹੈ। ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫਤ ਵਿੱਚ ਦਾਖਲ ਹੋ ਸਕਦੇ ਹਨ।