‘COVID-19 ਕਿਤੇ ਗਿਆ ਨਹੀਂ’, ਵੈਸਟ ਆਸਟ੍ਰੇਲੀਆ ’ਚ ਇਸ ਦਿਨ ਤੋਂ ਮੁੜ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ

ਮੈਲਬਰਨ: COVID-19 ਦੇ ਕੇਸਾਂ ਵਿੱਚ ਵਾਧੇ ਦੇ ਕਾਰਨ, ਵੈਸਟ ਆਸਟ੍ਰੇਲੀਆ (WA) ਦੇ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਮੁੜ ਲਾਜ਼ਮੀ ਕਰ ਦਿੱਤਾ ਹੈ। ਅਗਲੇ ਸੋਮਵਾਰ ਤੋਂ ਸ਼ੁਰੂ ਕਰਦੇ ਹੋਏ, ਸਟਾਫ ਅਤੇ ਮਰੀਜ਼ਾਂ ਨੂੰ ਉੱਚ-ਜੋਖਮ ਵਾਲੇ ਹਸਪਤਾਲ ਦੇ ਕਲੀਨਿਕਲ ਖੇਤਰਾਂ ਅਤੇ ਗੰਭੀਰ ਦੇਖਭਾਲ ਸੈਟਿੰਗਾਂ ਵਿੱਚ ਕਮਜ਼ੋਰ ਮਰੀਜ਼ਾਂ ਦੇ ਆਲੇ-ਦੁਆਲੇ ਸਰਜੀਕਲ ਮਾਸਕ ਪਹਿਨਣ ਦੀ ਲੋੜ ਹੋਵੇਗੀ। ਇਨ੍ਹਾਂ ਖੇਤਰਾਂ ’ਚ ਹੈਮੀਟੋਲੋਜੀ, ਓਂਕੋਲੋਜੀ, ਅੰਗ ਬਦਲਾਅ ਅਤੇ ਕਿਡਨੀ ਡਾਇਲਾਸਿਸ ਤੇ ਆਈ.ਸੀ.ਯੂ. ਖੇਤਰ ਸ਼ਾਮਲ ਹੋਣਗੇ।

ਇਹ ਫੈਸਲਾ ਸਤੰਬਰ 2023 ਦੀ ਸ਼ੁਰੂਆਤ ਤੋਂ ਵੱਧ ਰਹੇ COVID-19 ਕੇਸਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਓਮੀਕਰੋਨ XBB ਵੇਰੀਐਂਟ EG.5 ਹੈ। ਮਹਾਂਮਾਰੀ ਦੀ ਨਵੀਂ ਲਹਿਰ ਕਾਰਨ ਕੋਵਿਡ ਨੇ ਹਫ਼ਤੇ ਦੌਰਾਨ ਚਾਰ ਬਜ਼ੁਰਗਾਂ ਦੀ ਜਾਨ ਲੈ ਲਈ।

WA ਦੇ ਮੁੱਖ ਸਿਹਤ ਅਧਿਕਾਰੀ, ਐਂਡੀ ਰੌਬਰਟਸਨ, ਨੇ WA ਭਰ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਦੀਆਂ ਸਹੂਲਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਟਾਫ ਅਤੇ ਆਉਣ ਵਾਲੇ ਲੋਕਾਂ ਲਈ ਮਾਸਕ ਪਹਿਨਣ ਦੀਆਂ ਜ਼ਰੂਰਤਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਕਰਨ। ਉਨ੍ਹਾਂ ਕਿਹਾ, ‘‘ਕੋਵਿਡ-19 ਅਜੇ ਕਿਤੇ ਗਿਆ ਨਹੀਂ ਹੈ। ਇਸ ਲਈ ਲੋਕਾਂ ਨੂੰ ਮੇਰੀ ਸਲਾਹ ਹੈ ਕਿ ਕਿ ਜੇ ਉਹ ਬਿਮਾਰ ਹਨ ਤਾਂ ਘਰ ਹੀ ਰਹਿਣ ਅਤੇ ਇੱਕ ਬੂਸਟਰ ਕੋਵਿਡ-19 ਟੀਕਾਕਰਣ ਕਰਵਾਉਣ, ਖਾਸ ਤੌਰ ’ਤੇ ਜੇ ਉਨ੍ਹਾਂ ਨੂੰ ਸਿਹਤ ਨਾਲ ਸਬੰਧਤ ਗੁੰਝਲਦਾਰ ਸਮੱਸਿਆਵਾਂ ਹਨ ਜਾਂ ਉਹ 65 ਸਾਲ ਦੀ ਉਮਰ ਤੋਂ ਵੱਧ ਦੇ ਹਨ।’’

WA ਵਿੱਚ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। 12 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ WA ’ਚ ਕੋਵਿਡ ਦੇ 531 ਨਵੇਂ ਮਾਮਲੇ ਸਾਹਮਣੇ ਆਏ ਸਨ। 57 ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਮਰਨ ਵਾਲੇ ਚਾਰ ਮਰੀਜ਼ਾਂ ਦੀ ਉਮਰ 80 ਸਾਲਾਂ ਤੋਂ ਵੱਧ ਦੱਸੀ ਜਾ ਰਹੀ ਹੈ।