ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 2+2 ਮੰਤਰੀ ਪੱਧਰੀ ਗੱਲਬਾਤ ਸੋਮਵਾਰ ਨੂੰ, ਡਿਪਟੀ PM ਮਾਰਲਸ PM ਮੋਦੀ ਨਾਲ ਵੇਖਣਗੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ

ਮੈਲਬਰਨ: ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਸੋਮਵਾਰ ਨੂੰ 2+2 (ਟੂ-ਪਲੱਸ-ਟੂ) ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਵਾਲੇ ਹਨ ਜਿਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਹੋਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਮਾਰਲਸ, ਜੋ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਵੀ ਹਨ, ਅਤੇ ਵੋਂਗ ਐਤਵਾਰ ਨੂੰ ਅਹਿਮਦਾਬਾਦ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦਾ ਹੋਣ ਵਾਲਾ ਫਾਈਨਲ ਵੀ ਦੇਖ ਸਕਦੇ ਹਨ, ਜਿਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵੀ ਦਰਸ਼ਕ ਵੱਜੋਂ ਹਾਜ਼ਰ ਹੋਣਗੇ।

ਹਾਲਾਂਕਿ ‘2+2’ ਗੱਲਬਾਤ ਜਾਂ ਵੋਂਗ ਅਤੇ ਮਾਰਲਸ ਵਲੋਂ ਭਾਰਤ ਦੀ ਯੋਜਨਾਬੱਧ ਯਾਤਰਾ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ‘2+2’ ਮੰਤਰੀ ਪੱਧਰੀ ਗੱਲਬਾਤ ’ਚ ਦੋਵੇਂ ਧਿਰਾਂ ਸਮੁੱਚੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰਣਨੀਤਕ ਸਹਿਯੋਗ ਨੂੰ ਵਧਾਉਣ ’ਤੇ ਵਿਆਪਕ ਤੌਰ ’ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਗੱਲਬਾਤ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਆਸਟ੍ਰੇਲੀਆ ਅਤੇ ਭਾਰਤ ਦੋਵੇਂ ਹੀ ਕਵਾਡ ਗੱਠਜੋੜ ਦਾ ਹਿੱਸਾ ਹਨ ਜੋ ਇੱਕ ਮੁਕਤ, ਖੁੱਲ੍ਹੇ ਅਤੇ ਸੰਮਲਿਤ ਇੰਡੋ-ਪੈਸੀਫਿਕ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ ’ਤੇ ਕੇਂਦਰਿਤ ਹੈ। ਕਵਾਡ ਦੇ ਹੋਰ ਦੋ ਮੈਂਬਰ ਅਮਰੀਕਾ ਅਤੇ ਜਾਪਾਨ ਹਨ।