ਮੈਲਬਰਨ: ਬਹੁਤ ਸਾਰੇ ਨੌਜਵਾਨ ਆਸਟ੍ਰੇਲੀਅਨ ’ਚ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੇ ਹਨ ਅਤੇ ਆਖਰੀ ਉਪਾਅ ਵਜੋਂ ਦੁਕਾਨਾਂ ’ਚ ਭੋਜਨ ਚੋਰੀ ਕਰਨ ਦਾ ਸਹਾਰਾ ਲੈ ਰਹੇ ਹਨ। ਇਸ ਵਰਤਾਰੇ ਦੇ ਪਿੱਛੇ ਕਾਰਨ ਘੱਟ ਆਮਦਨ, ਉੱਚ ਰਹਿਣ-ਸਹਿਣ ਦੀਆਂ ਲਾਗਤਾਂ, ਸਰਕਾਰੀ ਸਹਾਇਤਾ ਦੀ ਘਾਟ ਹਨ।
ਕੁਈਨਜ਼ਲੈਂਡ ਗ੍ਰਿਫ਼ਿਥ ਯੂਨਂਵਰਸਿਟੀ ’ਚ ਰਿਟੇਲ ਕਰਾਈਮ ਬਾਰੇ ਅਧਿਐਨ ਕਰਨ ਵਾਲੇ ਪ੍ਰੋਫ਼ੇਸਰ ਮਾਈਕਲ ਟਾਊਨਸੇ ਦਾ ਕਹਿਣਾ ਹੈ ਕਿ ਕੋਵਿਡ-19 ਦੌਰਾਨ ਦੁਕਾਨਾਂ ’ਚ ਚੋਰੀ ਦੀਆਂ ਵਾਰਦਾਤਾਂ ਘਟੀਆਂ ਸਨ ਪਰ ਉਸ ਤੋਂ ਬਾਅਦ ਇਹ ਗਿਣਤੀ ਲਗਾਤਾਰ ਵਧੀ ਹੀ ਹੈ। ਉਨ੍ਹਾਂ ਕਿਹਾ ਕਿ ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ’ਚ ਗ੍ਰਾਹਕਾਂ ਵੱਲੋਂ ਚੋਰੀਆਂ ਦੀਆਂ ਘਟਨਾਵਾਂ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਕਾਫ਼ੀ ਵਧ ਗਈਆਂ ਹਨ ਅਤੇ ਉਹ ਇਸ ਤੋਂ ਹੈਰਾੜਨ ਹਨ।
ਸਟੇਟ ਪੁਲਿਸ ਰਿਕਾਰਡ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2019 ਅਤੇ 2023 ਦਰਮਿਆਨ ਦੁਕਾਨਾਂ ’ਚ ਚੋਰੀ ਦੀਆਂ ਵਾਰਦਾਤਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਪਛਮੀ ਆਸਟ੍ਰੇਲੀਆ ’ਚ 42 ਫ਼ੀਸਦੀ ਅਤੇ ਕੁਈਨਜ਼ਲੈਂਡ ’ਚ 25 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਸਟ੍ਰੇਲੀਅਨ ਰਿਟੇਲਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਰਿਟੇਲ ਉਦਯੋਗ ਨੂੰ ਇਨ੍ਹਾਂ ਚੋਰੀਆਂ ਕਾਰਨ ਹਰ ਸਾਲ 9 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੀਤੀਆਂ ਚੋਰੀਆਂ ਜਾਇਜ਼ ਹਨ ਕਿਉਂਕਿ ਵੂਲਵਰਥ ਅਤੇ ਕੋਲਸ ਵਰਗੀਆਂ ਸੂਪਰਮਾਰਕੀਟਸ ਨੇ ਤੰਗ ਸਮਿਆਂ ’ਚ ਅਰਬਾਂ ਡਾਲਰ ਦਾ ਮੁਨਾਫ਼ਾ ਕਮਾਇਆ ਹੈ।