NSW ’ਚ ਰਿਕਾਰਡਤੋੜ ਹੜ੍ਹ, Manning ਦਰਿਆ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਮੱਧ ਨਾਰਥ ਕੋਸਟ ਵਿਚ ਰਿਕਾਰਡਤੋੜ ਹੜ੍ਹਾਂ ਕਾਰਨ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚੱਲ ਰਹੀ ਹੈ। ਭਾਰੀ ਮੀਂਹ ਵਿਚਕਾਰ Manning ਨਦੀ ਨੇ Taree ਵਿਖੇ ਆਪਣੇ 1929 ਦੇ ਛੇ ਮੀਟਰ ਦੇ ਰਿਕਾਰਡ ਨੂੰ ਪਾਰ ਕਰ ਲਿਆ ਹੈ ਜੋ ਅਜੇ ਵੀ ਵਧਦਾ ਜਾ ਰਿਹਾ ਹੈ। ਐਮਰਜੈਂਸੀ ਸੇਵਾਵਾਂ ਖਰਾਬ ਮੌਸਮ ਕਾਰਨ Glenthorne ਅਤੇ South Taree ਵਰਗੇ ਇਲਾਕਿਆਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ, ਜਿੱਥੇ 52 ਲੋਕ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ। ਹੈਲੀਕਾਪਟਰ ਨਾਲ ਬਚਾਅ ਮੁਹਿੰਮ ਜਾਰੀ ਹੈ।

ਹੈਲੀਕਾਪਟਰ ਬਚਾਅ ਮੁਹਿੰਮ ਸਵੇਰੇ ਕਰੀਬ 9 ਵਜੇ ਸ਼ੁਰੂ ਹੋਈ ਅਤੇ ਲੋਕਾਂ ਨੂੰ ਛੱਤਾਂ ਜਾਂ ਉੱਚੀਆਂ ਜ਼ਮੀਨਾਂ ‘ਤੇ ਪਨਾਹ ਲੈਣ ਦੀ ਸਲਾਹ ਦਿੱਤੀ ਗਈ ਹੈ। 16,000 ਤੋਂ ਵੱਧ ਲੋਕਾਂ ਜਾਂ 7,400 ਘਰਾਂ ਦੇ ਘੱਟੋ-ਘੱਟ ਇਕ ਦਿਨ ਲਈ ਬਾਕੀ ਦੁਨੀਆ ਤੋਂ ਕੱਟੇ ਜਾਣ ਦਾ ਖਦਸ਼ਾ ਹੈ। NSW ਸਟੇਟ ਐਮਰਜੈਂਸੀ ਸਰਵਿਸ ਨੇ 887 ਮਦਦ ਦੀਆਂ ਪੁਕਾਰਾਂ ਦਾ ਜਵਾਬ ਦਿੱਤਾ ਹੈ, ਜਿਸ ਵਿੱਚ 118 ਹੜ੍ਹ ਬਚਾਅ ਸ਼ਾਮਲ ਹਨ, ਅਤੇ ਕਈ ਥਾਵਾਂ ਲਈ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਹੈ, ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। Paterson ਅਤੇ Dungog ਦੇ ਲੋਕਾਂ ਨੂੰ ਘਰ ਛੱਡ ਕੇ ਚਲੇ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਮੀਂਹ ਅਜੇ ਵੀ ਜਾਰੀ ਹੈ ਅਤੇ Mid North Coast ਤੋਂ Grafton ਤਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੇ।