ਮੈਲਬਰਨ : ਆਸਟ੍ਰੇਲੀਆ ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਉਦਯੋਗ-ਏਕੀਕ੍ਰਿਤ ਸਿੱਖਿਆ ਤੇ ਪੜ੍ਹਾਈ ਮਗਰੋਂ ਕੰਮ ਦੇ ਵਿਆਪਕ ਅਧਿਕਾਰਾਂ ਨਾਲ ਭਾਰਤੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।
ਇਹ ਖੁਲਾਸਾ ਆਲਮੀ ਵਿਦਿਆਰਥੀ ਹਾਊਸਿੰਗ ਪਲੈਟਫਾਰਮ ‘ਯੂਨੀਵਰਸਿਟੀ ਲਿਵਿੰਗ’ ਦੀ ਰਿਪੋਰਟ ’ਚ ਹੋਇਆ। ‘ਬਿਓਂਡ ਬੈੱਡਸ ਐਂਡ ਬੈਂਚਿਜ਼-ਡੀਕੋਡਿੰਗ ਏਐੱਨਜ਼ੈੱਡ ਐਜੂਕੇਸ਼ਨ ਸਿਸਟਮ’ ਰਿਪੋਰਟ ਕੌਮਾਂਤਰੀ ਵਿਦਿਆਰਥੀਆਂ ਖਾਸਕਰ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਪੜ੍ਹਾਈ ਵਾਲੇ ਸਥਾਨਾਂ ਵਜੋਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਪ੍ਰਤੀ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ।
ਯੂਨੀਵਰਸਿਟੀ ਲਿਵਿੰਗ ਦੇ ਸੰਸਥਾਪਕ ਅਤੇ ਸੀ.ਈ.ਓ. ਸੌਰਭ ਅਰੋੜਾ ਮੁਤਾਬਕ ਆਸਟ੍ਰੇਲੀਆ ’ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 2021 ਤੋਂ 2024 ਦੌਰਾਨ 9.2 ਫ਼ੀਸਦ ਵਧਿਆ ਹੈ। 2025 ਤੱਕ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 1,01,552 ਤੋਂ ਟੱਪਣ ਦੀ ਉਮੀਦ ਹੈ। ਇਸ ਸੈਕਟਰ ਦਾ ਆਰਥਿਕਤਾ ’ਤੇ ਢੁੱਕਵਾਂ ਪ੍ਰਭਾਵ ਵੀ ਹੈ, ਜਿਸ ਨੇ 2023-2024 ਦੌਰਾਨ ਆਸਟ੍ਰੇਲੀਆ ਦੇ ਅਰਥਚਾਰੇ ’ਚ 47.8 ਅਰਬ ਆਸਟ੍ਰੇਲਿਆਈ ਡਾਲਰ ਦਾ ਯੋਗਦਾਨ ਦਿੱਤਾ।
ਆਸਟਰੇਡ ’ਚ ਦੱਖਣ ਏਸ਼ੀਆ ਲਈ ਵਪਾਰ ਤੇ ਨਿਵੇਸ਼ ਕਮਿਸ਼ਨਰ ਵਿਕ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਆਲਮੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਤੇ ਨਿਰਵਿਘਨ ਸਿੱਖਿਆ ਤੋਂ ਰੁਜ਼ਗਾਰ ਮੁਹੱਈਆ ਕਰਵਾਉਣ ਤੱਕ ਵਚਨਬੱਧ ਹੈ। ਹਾਲਾਂਕਿ ਅਮਰੀਕਾ, ਬਰਤਾਨੀਆ ਤੇ ਕੈਨੇਡਾ ਦਾ ਸਿੱਖਿਆ ਸਥਾਨਾਂ ਵਜੋਂ ਦਬਦਬਾ ਕਾਇਮ ਹੈ ਪਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇਜ਼ੀ ਨਾਲ ਹਰਮਨਪਿਆਰੇ ਹੋ ਰਹੇ ਹਨ, ਜਿਨ੍ਹਾਂ ਲਈ ਭਾਰਤ, ਚੀਨ, ਨੇਪਾਲ, ਵੀਅਤਨਾਮ ਤੇ ਇੰਡੋਨੇਸ਼ੀਆ ਮੁੱਖ ਸਰੋਤ ਦੇਸ਼ਾਂ ਵਜੋਂ ਉੱਭਰ ਰਹੇ ਹਨ।