PM Anthony Albanese ਨੇ ਟਾਲਿਆ ਫ਼ੈਡਰਲ ਚੋਣਾਂ ਦਾ ਐਲਾਨ, ਬਜਟ ਦੀ ਤਿਆਰੀ ਸ਼ੁਰੂ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਨੌਰਥ NSW ਅਤੇ ਸਾਊਥ-ਈਸਟ Queensland ਵਿੱਚ ਤਬਾਹੀ ਮਚਾ ਰਹੇ ਚੱਕਰਵਾਤ Alfred ਦੇ ਮੱਦੇਨਜ਼ਰ ਇਸ ਹਫਤੇ ਦੇ ਅੰਤ ਵਿੱਚ ਫ਼ੈਡਰਲ ਚੋਣਾਂ ਦੀ ਮਿਤੀ ਦਾ ਐਲਾਨ ਤੋਂ ਇਨਕਾਰ ਕਰ ਦਿੱਤਾ ਹੈ। Albanese ਵੱਲੋਂ 12 ਅਪ੍ਰੈਲ ਨੂੰ ਚੋਣਾਂ ਕਰਵਾਉਣ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਇਸ ਦੀ ਬਜਾਏ ਹੁਣ ਵੋਟਰ ਮਈ ਵਿੱਚ ਚੋਣਾਂ ਦੀ ਉਮੀਦ ਕਰ ਸਕਦੇ ਹਨ।

ਇੱਕ ਇੰਟਰਵਿਊ ਵਿੱਚ ਜਦੋਂ Albanese ਤੋਂ ਪੁੱਛਿਆ ਗਿਆ ਕਿ ਕੀ ਉਹ ਐਤਵਾਰ ਜਾਂ ਸੋਮਵਾਰ ਨੂੰ ਚੋਣਾਂ ਦਾ ਐਲਾਨ ਕਰ ਸਕਦੇ ਹਨ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘‘ਮੇਰਾ ਅਜਿਹਾ ਕੁਝ ਵੀ ਕਰਨ ਦਾ ਕੋਈ ਇਰਾਦਾ ਨਹੀਂ ਹੈ, ਜੋ ਸਾਡੇ ਅਸਲ ਕੰਮ ਤੋਂ ਸਾਡਾ ਧਿਆਨ ਭਟਕਾਉਂਦਾ ਹੈ। ਇਹ ਸਿਆਸਤ ਨੂੰ ਦੇਖਣ ਦਾ ਸਮਾਂ ਨਹੀਂ ਹੈ। ਮੇਰਾ ਪੂਰਾ ਧਿਆਨ ਆਸਟ੍ਰੇਲੀਆ ਦੀਆਂ ਜ਼ਰੂਰਤਾਂ ’ਤੇ ਹੈ।’’

ਇਸ ਫੈਸਲੇ ਦਾ ਮਤਲਬ ਹੈ ਕਿ ਫੈਡਰਲ ਬਜਟ 25 ਮਾਰਚ ਨੂੰ ਨਿਰਧਾਰਤ ਸਮੇਂ ਅਨੁਸਾਰ ਪੇਸ਼ ਕੀਤਾ ਜਾਵੇਗਾ। ਟਰੈਜ਼ਰਰ Jim Chalmers ਪਹਿਲਾਂ ਤੋਂ ਹੀ ਬਜਟ ’ਤੇ ਕੰਮ ਕਰ ਰਹੇ ਸਨ।