Avalon Airport ’ਤੇ ਹਥਿਆਰਾਂ ਸਮੇਤ ਜਹਾਜ਼ ’ਤੇ ਚੜ੍ਹਨ ਵਾਲਾ ਨਾਬਾਲਗ ਅਦਾਲਤ ’ਚ ਪੇਸ਼, ਜਾਣੋ ਕੀ ਲੱਗੇ ਦੋਸ਼

ਮੈਲਬਰਨ : ਵਿਕਟੋਰੀਆ ਦੇ Avalon Airport ’ਤੇ ਵੀਰਵਾਰ ਨੂੰ ਇੱਕ ਜਹਾਜ਼ ’ਚ ਬੰਦੂਕ ਲੈ ਕੇ ਚੜ੍ਹਨ ਦੇ ਇਲਜ਼ਾਮ ਹੇਠ ਕਾਬੂ ਕੀਤੇ ਗਏ 17 ਸਾਲਾਂ ਦੇ ਇੱਕ ਮੁੰਡੇ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਇਹ ਉਸ ਨੂੰ ਪਹਿਲੀ ਵਾਰੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਉਸ ’ਤੇ ਲਗਾਏ ਗਏ ਦੋਸ਼ਾਂ ’ਚ ਦੋ 12-ਗਾਊਜ ਸ਼ਾਟਗੰਨ ਅਤੇ ਇੱਕ ਰਾਈਫ਼ਲ ਚੋਰੀ ਕਰਨਾ ਵੀ ਸ਼ਾਮਲ ਹਨ। ਉਸ ਕੋਲ ਜਹਾਜ਼ ’ਤੇ ਚੜ੍ਹਨ ਸਮੇਂ ਸ਼ਾਟਗੰਨ ਤੋਂ ਇਲਾਵਾ ਵੀ ਦੋ ਹੋਰ ਹਥਿਆਰ ਵੀ ਸਨ।

ਉਹ ਘਰ ’ਚ ਬਣਾਈ ਧਮਾਕਾਖੇਜ਼ ਸਮੱਗਰੀ ਵੀ ਲੈ ਕੇ ਜਹਾਜ਼ ’ਚ ਚੜ੍ਹਿਆ ਸੀ। ਉਸ ਨੇ ਕਾਬੂ ਕੀਤੇ ਜਾਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਸ ਕੋਲ ਬੰਬ ਹੈ। ਉਸ ਨੂੰ Geelong ਸਥਿਤ Avalon Airport ’ਤੇ ਖੜ੍ਹੇ ਜਹਾਜ਼ ’ਤੇ ਮੌਜੂਦ 150 ਲੋਕਾਂ ’ਚੋਂ ਕਈ ਮੁਸਾਫ਼ਰਾਂ ਅਤੇ ਪਾਈਲਟ ਨੇ ਬੜੀ ਬਹਾਦਰੀ ਨਾਲ ਕਾਬੂ ਕੀਤਾ ਸੀ। ਉਹ ਹਵਾਈ ਅੱਡੇ ਦੀ ਵਾੜ ’ਚ ਸੁਰਾਖ਼ ਕਰ ਕੇ ਹਵਾਈ ਅੱਡੇ ਅੰਦਰ ਦਾਖ਼ਲ ਹੋਇਆ ਸੀ। ਉਸ ਨੇ ਅੱਜ ਅਦਾਲਤ ਸਾਹਮਣੇ ਜ਼ਮਾਨਤ ਲਈ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਮੁੜ 21 ਮਾਰਚ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਇਸ ਘਟਨਾ ਨੇ ਵਿਕਟੋਰੀਆ ਦੇ ਹਵਾਈ ਅੱਡੇ ’ਤੇ ਸੁਰੱਖਿਆ ਪ੍ਰਤੀ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਹਵਾਈ ਅੱਡੇ ’ਤੇ ਕਿਸੇ ਪੁਲਿਸ ਦੀ ਪੱਕੀ ਤੈਨਾਤੀ ਨਹੀਂ ਹੈ। ਮੁਸਾਫ਼ਰਾਂ ਦੀ ਤਲਾਸ਼ੀ ਦੀ ਜ਼ਿੰਮੇਵਾਰੀ ਹਵਾਈ ਅੱਡੇ ਦੇ ਮਾਲਕਾਂ ਅਤੇ ਆਪਰੇਟਰਾਂ ਦੀ ਹੈ। ਮੰਨਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਪੁਲਿਸ 9 ਕਿਲੋਮੀਟਰ ਦੂਰ ਸਥਾਨ ਤੋਂ ਹਵਾਈ ਅੱਡੇ ਤਕ ਪਹੁੰਚੀ ਸੀ।