Bendigo ’ਚ ਸਿੱਖ ਸਿਕਿਉਰਿਟੀ ਗਾਰਡ ਦੀ ਕੁੱਟਮਾਰ ਦੇ ਮਾਮਲੇ ’ਚ ਤਿੰਨ ਹੋਰ ਚੜ੍ਹੇ ਪੁਲਿਸ ਅੜਿੱਕੇ

ਮੈਲਬਰਨ : ਰੀਜਨਲ ਵਿਕਟੋਰੀਆ ਦੇ Bendigo ’ਚ ਇੱਕ ਸ਼ਾਪਿੰਗ ਸੈਂਟਰ ਅੰਦਰ ਇੱਕ ਨੌਜਵਾਨ ਸਿੱਖ ਸਿਕਿਉਰਿਟੀ ਗਾਰਡ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਤਿੰਨ ਹੋਰ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 20 ਸਾਲ ਦੇ ਸਿਕਿਉਰਿਟੀ ਗਾਰਡ ਨੇ ਸ਼ਾਪਿੰਗ ਸੈਂਟਰ ’ਚ ਸਕੂਲ ਦੀ ਵਰਦੀ ’ਚ ਕਥਿਤ ਤੌਰ ’ਤੇ ਨਸ਼ਾ ਕਰ ਕੇ ਆਏ ਅਤੇ ਰੌਲਾ-ਰੱਪਾ ਪਾ ਰਹੇ 9 ਨਾਬਾਲਗਾਂ ਨੂੰ ਨਿਕਲ ਜਾਣ ਲਈ ਕਿਹਾ ਸੀ। ਉਸ ਦੀ ਮਦਦ ਕਰਨ ਵਾਲੇ ਲੋਕਾਂ ਦੀ ਵੀ ਨਾਬਾਲਗ ਕੁੜੀਆਂ ਅਤੇ ਮੁੰਡਿਆਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। ਸਿਕਿਉਰਿਟੀ ਗਾਰਡ ਦਾ ਮਾਮੂਲੀ ਸੱਟਾਂ ਲਈ ਪੈਰਾਮੈਡਿਕ ਨੇ ਇਲਾਜ ਕੀਤਾ ਸੀ।

ਅੱਜ ਪੁਲਿਸ ਨੇ ਇਕ 17 ਸਾਲ ਦੇ Bendigo ਦੇ ਮੁੰਡੇ ’ਤੇ ਧੋਖਾਧੜੀ ਕਰਨ, ਜਾਣਬੁੱਝ ਕੇ ਸੱਟ ਪਹੁੰਚਾਉਣ ਅਤੇ ਲਾਪਰਵਾਹੀ ਨਾਲ ਸੱਟ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਬਾਅਦ ਵਿੱਚ ਬੱਚਿਆਂ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਾਸੂਸਾਂ ਵੱਲੋਂ ਕੀਤੀ ਗਈ ਹੋਰ ਪੁੱਛਗਿੱਛ ਤੋਂ ਬਾਅਦ Long Gully ਤੋਂ 16 ਸਾਲ ਦੇ ਮੁੰਡੇ ਅਤੇ California Gully ਤੋਂ 14 ਸਾਲ ਦੇ ਇੱਕ ਹੋਰ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ। ਦੋਹਾਂ ’ਤੇ ਧੋਖਾਧੜੀ, ਗੈਰ-ਕਾਨੂੰਨੀ ਹਮਲਾ ਅਤੇ ਹਮਲੇ ਨਾਲ ਜੁੜੇ ਹੋਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ ਅਤੇ ਬਾਅਦ ’ਚ ਉਨ੍ਹਾਂ ਨੂੰ ਬੱਚਿਆਂ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਕੱਲ੍ਹ 14, 15 ਅਤੇ 17 ਸਾਲ ਦੀਆਂ ਤਿੰਨ Bendigo ਵਾਸੀ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਜਾਸੂਸਾਂ ਨੇ ਇੰਟਰਵਿਊ ਕੀਤੀ ਹੈ ਅਤੇ ਅਗਲੇਰੀ ਪੁੱਛਗਿੱਛ ਤੱਕ ਰਿਹਾਅ ਕਰ ਦਿੱਤਾ ਗਿਆ ਹੈ।