ਇੱਕ ਟਰੱਕ ਤੋਂ 400 ਟਰੱਕ ਬਣਾਉਣ ਵਾਲੇ ਦੋ ਪੰਜਾਬੀ ਦੋਸਤਾਂ ਦੀ ਦਿਲਚਸਪ ਕਹਾਣੀ

ਮੈਲਬਰਨ : ਅੰਮ੍ਰਿਤ ਪਾਲ ਅਤੇ ਹਰਮਨਪ੍ਰੀਤ ‘ਹੈਰੀ’ ਸਿੰਘ ਆਸਟ੍ਰੇਲੀਆ ’ਚ ਪੰਜਾਬੀਆਂ ਦੀ ਸਫ਼ਲਤਾ ਦੀ ਕਹਾਣੀ ਦੀ ਮਿਸਾਲ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਪਿਛਲੇ ਲਗਭਗ ਇੱਕ ਦਹਾਕੇ ’ਚ 400 ਟਰੱਕਾਂ 450 ਟਰੇਲਰਾਂ ਵਾਲੀ ਵੱਡੀ ਕੰਪਨੀ ਖੜ੍ਹੀ ਕਰ ਦਿੱਤੀ ਹੈ। 2014 ਵਿੱਚ ਅੰਮ੍ਰਿਤ ਪਾਲ ਅਤੇ ਹਰਮਨਪ੍ਰੀਤ ‘ਹੈਰੀ’ ਸਿੰਘ ਵੱਲੋਂ ਸਥਾਪਿਤ Hawk Logistics ਇੱਕ ਛੋਟੇ ਸਬ-ਕੰਟਰੈਕਟਿੰਗ ਕਾਰੋਬਾਰ ਤੋਂ ਇੱਕ ਵੱਡੀ ਲੌਜਿਸਟਿਕ ਕੰਪਨੀ ਬਣ ਗਈ ਹੈ। ਦੋਵੇਂ 19 ਕੁ ਸਾਲ ਦੀ ਉਮਰ ’ਚ 2006 ’ਚ ਪੰਜਾਬੀ ਤੋਂ ਆਸਟ੍ਰੇਲੀਆ ਜੇਬ੍ਹ ’ਚ ਸਿਰਫ਼ ਕੁੱਝ ਹਜ਼ਾਰ ਡਾਲਰਾਂ ਨਾਲ ਆਏ ਸਨ, ਪਰ ਉਨ੍ਹਾਂ ’ਚ ਕੁੱਝ ਵੱਡਾ ਕਰਨ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਸੀ। ਹੁਣ ਦੋਹਾਂ ਦੀ ਉਮਰ 39 ਸਾਲ ਹੈ।

ਯੂਨੀਵਰਸਿਟੀ ਵਿਚ ਮਿਲੇ ਦੋਵੇਂ ਦੋਸਤਾਂ ਨੇ ਪਾਰਟ ਟਾਈਮ ਕੰਮ ਕਰ ਕੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿਚ ਲਿਨੇਨ ਪਹੁੰਚਾਉਣ ਤੋਂ ਸ਼ੁਰੂਆਤ ਕੀਤੀ ਅਤੇ ਬਾਅਦ ਵਿਚ ਆਪਣੇ ਪਹਿਲੇ ਟਰੱਕ ਵਿਚ ਨਿਵੇਸ਼ ਕੀਤਾ। ਹੌਲੀ-ਹੌਲੀ ਉਨ੍ਹਾਂ ਨੇ ਵੱਡੀਆਂ ਟਰਾਂਸਪੋਰਟ ਕੰਪਨੀਆਂ ਨਾਲ ਇਕਰਾਰਨਾਮੇ ਕੀਤੇ ਅਤੇ ਆਖਰਕਾਰ ਗਾਹਕਾਂ ਨਾਲ ਸਿੱਧੇ ਇਕਰਾਰਨਾਮੇ ਕਰਨ ਸ਼ੁਰੂ ਕਰ ਦਿੱਤੇ।

ਜਿਵੇਂ-ਜਿਵੇਂ ਕੰਪਨੀ ਵਧਦੀ ਗਈ, ਅੰਮ੍ਰਿਤ ਅਤੇ ਹੈਰੀ ਨੇ ਹੁਨਰਮੰਦ ਲੋਕਾਂ ਵਿੱਚ ਨਿਵੇਸ਼ ਕੀਤਾ ਅਤੇ ਆਪਣੀਆਂ ਸੇਵਾਵਾਂ ਦਾ ਵਿਸਥਾਰ ਕੀਤਾ। 2023 ਵਿੱਚ, ਉਨ੍ਹਾਂ ਨੇ ਚੰਗੇ ਸਟਾਫ ਦੀ ਭਰਤੀ ਲਈ ਭਾਰੀ ਨਿਵੇਸ਼ ਕਰਨਾ ਸ਼ੁਰੂ ਕੀਤਾ, ਅਤੇ ਜਨਵਰੀ 2024 ਵਿੱਚ ਇੱਕ ਪੁਨਰਗਠਨ ਵਿੱਚ Miguel Vitug ਨੂੰ CEO ਵਜੋਂ ਨਿਯੁਕਤ ਕੀਤਾ ਗਿਆ। Miguel ਦੀ ਅਗਵਾਈ ਹੇਠ, Hawk Logistics ਨੇ ਨਵੇਂ ਸਥਾਨਾਂ ਅਤੇ ਪ੍ਰਾਪਤੀਆਂ ਦੇ ਨਾਲ ਵਿਸਥਾਰ ਕਰਨਾ ਜਾਰੀ ਰੱਖਿਆ ਹੈ। ਕੰਪਨੀ ਨੇ ਦਸੰਬਰ 2023 ’ਚ ਸਾਊਥ ਆਸਟ੍ਰੇਲੀਆ ਦੀ AR Logistics ਅਤੇ ਦਸੰਬਰ 2024 ’ਚ Farragher Logistics ਨੂੰ ਖ਼ਰੀਦ ਲਿਆ।

ਅੱਜ, Hawk Logistics ਨੌਂ ਥਾਵਾਂ ’ਤੇ ਲਗਭਗ 550 ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ ਲਗਭਗ 850 ਐਸੇਟਸ ਦਾ ਫ਼ਲੀਟ ਹੈ। ਵਿਕਟੋਰੀਆ ਤੋਂ ਇਲਾਵਾ ਬ੍ਰਿਸਬੇਨ, ਸਿਡਨੀ, ਗ੍ਰਿਫਿਥ, ਟੌਮਵਰਥ ਅਤੇ ਐਡੀਲੇਡ ’ਚ ਵੀ ਇਸ ਦੇ ਦਫ਼ਤਰ ਹਨ। ਕੰਪਨੀ ਨੌਰਦਰਨ ਟੈਰੀਟਰੀ ਵਿੱਚ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਵੱਲੋਂ ਆਪਣੇ ਲੋਕਾਂ ਅਤੇ ਸੇਵਾਵਾਂ ਵਿੱਚ ਨਿਵੇਸ਼ ਕਰਨਾ ਜਾਰੀ ਹੈ। ਗਾਹਕ ਸੇਵਾ ਅਤੇ ਬ੍ਰਾਂਡ ਇਕੁਇਟੀ ’ਤੇ ਮਜ਼ਬੂਤ ਧਿਆਨ ਕੇਂਦਰਤ ਕਰਨ ਦੇ ਨਾਲ, Hawk Logistics ਨਿਰੰਤਰ ਵਿਕਾਸ ਅਤੇ ਸਫਲਤਾ ਲਈ ਚੰਗੀ ਸਥਿਤੀ ਵਿੱਚ ਹੈ।

(ਤਸਵੀਰ ਅਤੇ ਵੇਰਵਾ https://bigrigs.com.au ਤੋਂ ਧਨਵਾਦ ਸਹਿਤ)