147 ਸਾਲਾਂ ’ਚ ਪਹਿਲੀ ਵਾਰੀ ਮੈਲਬਰਨ ਦੀ ਮਸ਼ਹੂਰ ਫਲ ਅਤੇ ਸਬਜ਼ੀ ਮਾਰਕੀਟ ਦੇ ਵਪਾਰੀ ਕਰਨਗੇ ਹੜਤਾਲ

ਮੈਲਬਰਨ : ਕੁਈਨ ਵਿਕਟੋਰੀਆ ਮਾਰਕੀਟ ਦੇ ਫਲ ਅਤੇ ਸਬਜ਼ੀ ਵਪਾਰੀ 147 ਸਾਲਾਂ ਵਿੱਚ ਪਹਿਲੀ ਵਾਰ ਮੰਗਲਵਾਰ ਨੂੰ ਹੜਤਾਲ ’ਤੇ ਜਾ ਰਹੇ ਹਨ। ਵਪਾਰੀਆਂ ਨੇ ਮੈਲਬਰਨ ਸ਼ਹਿਰ ਅਤੇ ਮਾਰਕੀਟ ਮੈਨੇਜਮੈਂਟ ’ਤੇ ਵਿੱਤੀ ਕੁਪ੍ਰਬੰਧਨ ਅਤੇ ਖ਼ਰਚਿਆਂ ਨੂੰ ਟਰੇਡਰਾਂ ਅਤੇ ਗਾਹਕਾਂ ਸਿਰ ਥੋਪਣ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਨਤੀਜੇ ਵੱਜੋਂ ਗਾਹਕ ਦੁਕਾਨਾਂ ਤਕ ਨਹੀਂ ਪਹੁੰਚ ਪਾ ਰਹੇ ਹਨ, ਜਿਸ ਦਾ ਵੀ ਹੱਲ ਨਹੀਂ ਕੀਤਾ ਜਾ ਰਿਹਾ ਹੈ।

ਇਕ ਮੁੱਖ ਮੁੱਦਾ ਬਿਜਲੀ ਅਤੇ ਰਹਿੰਦ-ਖੂੰਹਦ ਸੇਵਾਵਾਂ ਲਈ ਇਕ ਨਵਾਂ ਚਾਰਜ ਵੀ ਹੈ, ਜਿਸ ਦੀ ਲਾਗਤ ਇਕ ਵਪਾਰੀ ਨੂੰ ਸਾਲਾਨਾ 10,000 ਡਾਲਰ ਹੋਣ ਦਾ ਅਨੁਮਾਨ ਹੈ। ਵਪਾਰੀਆਂ ਦਾ ਦਾਅਵਾ ਹੈ ਕਿ ਲਾਰਡ ਮੇਅਰ ਨਿਕ ਰੀਸ ਖਰਚਿਆਂ ’ਚ ਵਾਧਾ ਨਾ ਕਰਨ ਦੇ ਚੋਣ ਵਾਅਦੇ ਤੋਂ ਮੁਕਰ ਗਏ। ਮਾਰਕੀਟ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹ ਸਖਤ ਫੈਸਲੇ ਲਏ ਬਿਨਾਂ ਕੰਮ ਕਰਨਾ ਜਾਰੀ ਨਹੀਂ ਰੱਖ ਸਕਦਾ, ਜਿਸ ਵਿੱਚ ਵਰਤੀਆਂ ਜਾਂਦੀਆਂ ਸੇਵਾਵਾਂ ਲਈ ਵਪਾਰੀਆਂ ਤੋਂ ਚਾਰਜ ਲੈਣਾ ਵੀ ਸ਼ਾਮਲ ਹੈ।