ਹਮਜਮਾਤਣਾਂ ਨਾਲ ਸ਼ਰਮਨਾਕ ਹਰਕਤ ਕਰਨ ਵਾਲੇ ਮੈਲਬਰਨ ਦੇ ਦੋ ਮੁੰਡੇ ਸਕੂਲ ’ਚੋਂ ਸਸਪੈਂਡ, ਪੁਲਿਸ ਕਰ ਰਹੀ ਹੈ ਭਾਲ

ਮੈਲਬਰਨ : ਵਿਕਟੋਰੀਆ ਪੁਲਿਸ ਮੈਲਬਰਨ ਦੇ ਗਲੈਡਸਟੋਨ ਪਾਰਕ ਸੈਕੰਡਰੀ ਕਾਲਜ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਦੀ ਜਾਂਚ ਕਰ ਰਹੀ ਹੈ, ਜਿੱਥੇ 20 ਤੋਂ ਵੱਧ ਵਿਦਿਆਰਥਣਾਂ ਦੀਆਂ ਅਸ਼ਲੀਲ, AI ਨਾਲ ਡਿਜੀਟਲ ਤੌਰ ’ਤੇ ਤਿਆਰ ਕੀਤੀਆਂ ਤਸਵੀਰਾਂ ਆਨਲਾਈਨ ਫੈਲਾਈਆਂ ਗਈਆਂ ਸਨ। ਇਹ ਤਸਵੀਰਾਂ ਕਥਿਤ ਤੌਰ ’ਤੇ 10ਵੀਂ ਜਮਾਤ ਦੇ ਸਕੂਲ ਦੇ ਰਸਮੀ ਪ੍ਰੋਗਰਾਮ ਦੌਰਾਨ ਲਈਆਂ ਗਈਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਬਣਾਈਆਂ ਗਈਆਂ ਸਨ ਅਤੇ ਸੋਸ਼ਲ ਮੀਡੀਆ ਅਤੇ ਗਰੁੱਪ ਚੈਟ ਜ਼ਰੀਏ ਸਾਂਝੀਆਂ ਕੀਤੀਆਂ ਗਈਆਂ ਸਨ। ਪੁਲਿਸ ਇਸ ਘਟਨਾ ਨੂੰ ਲੈ ਕੇ ਮੁਅੱਤਲ ਕੀਤੇ ਗਏ 11ਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਦੋਵੇਂ ਇਸ ਘਟਨਾ ਤੋਂ ਬਾਅਦ ਕਿਤੇ ਚਲੇ ਗਏ ਹਨ ਅਤੇ ਪੁਲਿਸ ਉਨ੍ਹਾਂ ਨੂੰ ਅੱਗੇ ਆਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕਰ ਰਹੀ ਹੈ। 18 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਦੀਆਂ ਤਸਵੀਰਾਂ ਸਾਂਝੀਆਂ ਕਰਨਾ ਜੁਰਮ ਹੈ।

ਸਕੂਲ ਦੀ ਪ੍ਰਿੰਸੀਪਲ Veronica Hoy ਨੇ ਇਸ ਵਿਵਹਾਰ ਨੂੰ ‘ਔਰਤ ਵਿਰੋਧੀ ਅਤੇ ਅਪਮਾਨਜਨਕ’ ਕਰਾਰ ਦਿੱਤਾ ਹੈ ਅਤੇ ਮਾਪਿਆਂ ਨੂੰ ਭਰੋਸਾ ਦਿੱਤਾ ਹੈ ਕਿ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਸਿੱਖਿਆ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਵਿਕਟੋਰੀਅਨ ਸਕੂਲ ਵਿੱਚ ‘ਅਪਮਾਨਜਨਕ ਵਿਵਹਾਰ’ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਘਟਨਾ ਦੀ ਪੂਰੀ ਹੱਦ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।