ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕ ਅਗਲੇ ਦੋ ਸਾਲਾਂ ਤਕ ਨਹੀਂ ਖ਼ਰੀਦ ਸਕਣਗੇ ਆਪਣਾ ਮਕਾਨ, ਜਾਣੋ ਫ਼ੈਡਰਲ ਸਰਕਾਰ ਦੀ ਨਵੀਂ ਨੀਤੀ

ਮੈਲਬਰਨ : ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕਾਂ ਦੇ ਘਰ ਖਰੀਦਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਦਰਅਸਲ ਅਲਬਾਨੀਆ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਜ਼ਮੀਨ ਦੀ ਜਮ੍ਹਾਂਖੋਰੀ ਰੋਕਣ ਲਈ ਕਾਰਵਾਈ ਕੀਤੀ ਹੈ। ਵਿਦੇਸ਼ੀ ਨਿਵੇਸ਼ਕਾਂ ਨੂੰ ਸੀਮਤ ਹਾਲਾਤ ਨੂੰ ਛੱਡ ਕੇ ਆਸਟ੍ਰੇਲੀਆ ਵਿਚ ਮੌਜੂਦਾ ਘਰ ਖਰੀਦਣ ਤੋਂ ਰੋਕ ਦਿੱਤਾ ਗਿਆ ਹੈ। ਆਸਟ੍ਰੇਲੀਆ ਸਰਕਾਰ ਦੀ ਨਵੀਂ ਨੀਤੀ ਦਾ ਮਤਲਬ ਇਹ ਹੋਵੇਗਾ ਕਿ ਕੰਮ ਜਾਂ ਪੜ੍ਹਾਈ ਲਈ ਆਸਟ੍ਰੇਲੀਆ ਵਿਚ ਟੈਂਪਰੇਰੀ ਤੌਰ ’ਤੇ ਰਹਿ ਰਹੇ ਲੋਕਾਂ ’ਤੇ ਆਪਣਾ ਘਰ ਖ਼ਰੀਦਣ ’ਤੇ 1 ਅਪ੍ਰੈਲ, 2025 ਤੋਂ 31 ਮਾਰਚ, 2027 ਦੇ ਵਿਚਕਾਰ ਪਾਬੰਦੀ ਹੋਵੇਗੀ।

ਦੋ ਸਾਲ ਦੀ ਪਾਬੰਦੀ ਦੇ ਦੌਰਾਨ, ਫ਼ੈਡਰਲ ਸਰਕਾਰ ਇਹ ਨਿਰਧਾਰਤ ਕਰਨ ਲਈ ਸਮੀਖਿਆ ਕਰੇਗੀ ਕਿ ਕੀ ਇਸ ਪਾਬੰਦੀ ਨੂੰ ਵਧਾਇਆ ਜਾਣਾ ਚਾਹੀਦਾ ਹੈ ਜਾਂ ਸਥਾਈ ਬਣਾਇਆ ਜਾਣਾ ਚਾਹੀਦਾ ਹੈ।

ਆਸਟ੍ਰੇਲੀਆਈ ਲੇਬਰ ਪਾਰਟੀ ਦੀ ਅਗਵਾਈ ਵਾਲੀ ਅਤੇ ਲਿਬਰਲ ਨੈਸ਼ਨਲ ਪਾਰਟੀ ਦੇ ਸਮਰਥਨ ਨਾਲ ਲਗਾਈ ਗਈ ਪਾਬੰਦੀ ਦਾ ਉਦੇਸ਼ ਰਿਹਾਇਸ਼ੀ ਮੁੱਦਿਆਂ ਨੂੰ ਹੱਲ ਕਰਨਾ ਹੈ। ਪਰ ਕੁਝ ਮਾਹਰਾਂ ਨੇ ਇਸ ਪਾਬੰਦੀ ਨੂੰ ‘ਅਪ੍ਰਸੰਗਿਕ’ ਮੰਨਿਆ ਹੈ। ਮਾਹਰਾਂ ਦੀ ਦਲੀਲ ਹੈ ਕਿ ਅਜਿਹੇ ਪ੍ਰਮੁੱਖ ਖਰੀਦਦਾਰ ਮਾਈਗਰੈਂਟ ਹਨ ਜੋ ਆਸਟ੍ਰੇਲੀਆ ਦੇ ਵਸਨੀਕ ਬਣ ਜਾਂਦੇ ਹਨ। ਹਾਲਾਂਕਿ ਪਾਬੰਦੀ ਦਾ ਮਕਾਨਾਂ ਦੀ ਵਿਕਰੀ ’ਤੇ ਘੱਟ ਅਸਰ ਪਵੇਗਾ, ਪਰ ਇਹ ਨਵੇਂ ਘਰ ਦੀ ਉਸਾਰੀ ਨੂੰ ਥੋੜ੍ਹਾ ਪ੍ਰਭਾਵਿਤ ਕਰ ਸਕਦਾ ਹੈ।