ਟਰੰਪ ਨੇ ਦਿੱਤਾ ਆਸਟ੍ਰੇਲੀਆ ਨੂੰ ਝਟਕਾ, ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਲੱਗੇਗਾ 25 ਫੀਸਦੀ ਟੈਰਿਫ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਸਮੇਤ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ (Import) ’ਤੇ 25 ਫੀਸਦੀ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਟੈਰਿਫ਼ ਅਮਰੀਕਾ ’ਚ ਧਾਤਾਂ ਦਰਾਮਦ ਕਰਨ ’ਤੇ ਪਹਿਲਾਂ ਤੋਂ ਲੱਗੀ ਕਿਸੇ ਵੀ ਡਿਊਟੀ ਤੋਂ ਇਲਾਵਾ ਲੱਗੇਗਾ।

ਆਸਟ੍ਰੇਲੀਆਈ ਇੰਡਸਟਰੀ ਗਰੁੱਪ ਦੇ ਮੁੱਖ ਕਾਰਜਕਾਰੀ ਇਨਸ ਵਿਲੋਕਸ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਆਸਟ੍ਰੇਲੀਆਈ ਉਦਯੋਗ ਲਈ ‘ਮੂੰਹ ’ਤੇ ਥੱਪੜ’ ਕਰਾਰ ਦਿੱਤਾ। ਆਸਟ੍ਰੇਲੀਆ ਨੂੰ ਪਹਿਲਾਂ ਇੱਕ ਸਮਝੌਤੇ ਤਹਿਤ ਸਟੀਲ ਅਤੇ ਐਲੂਮੀਨੀਅਮ ’ਤੇ ਅਮਰੀਕੀ ਟੈਰਿਫ ਤੋਂ ਛੋਟ ਦਿੱਤੀ ਗਈ ਸੀ।

ਇਹ ਟੈਰਿਫ ਵਪਾਰ ਯੁੱਧ ਦਾ ਕਾਰਨ ਵੀ ਬਣ ਸਕਦੇ ਹਨ, ਕਿਉਂਕਿ ਯੂਰਪੀਅਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇ ਅਮਰੀਕਾ ਯੂਰਪੀਅਨ ਵਸਤਾਂ ’ਤੇ ਟੈਰਿਫ ਲਗਾਉਂਦਾ ਹੈ ਤਾਂ ਯੂਰਪੀਅਨ ਯੂਨੀਅਨ ਵੀ ‘ਇੱਕ ਘੰਟੇ ਦੇ ਅੰਦਰ’ ਜਵਾਬ ਦੇਣ ਲਈ ਤਿਆਰ ਹੈ। ਕੁਝ ਅਮਰੀਕੀ ਨਿਰਯਾਤ ’ਤੇ ਚੀਨ ਦੇ ਜਵਾਬੀ ਟੈਰਿਫ ਵੀ ਅਮਲ ’ਚ ਆਉਣ ਵਾਲੇ ਹਨ।

ਦਿਲਚਸਪ ਗੱਲ ਇਹ ਹੈ ਕਿ ਟਰੰਪ ਦਾ ਇਹ ਐਲਾਨ ਆਸਟ੍ਰੇਲੀਆ ਵੱਲੋਂ AUKUS ਪਣਡੁੱਬੀ ਸੌਦੇ ਤਹਿਤ 798 ਮਿਲੀਅਨ ਡਾਲਰ ਦੇ ਪਹਿਲੇ ਭੁਗਤਾਨ ਦੀ ਪੁਸ਼ਟੀ ਕਰਨ ਤੋਂ ਦੋ ਦਿਨ ਬਾਅਦ ਹੀ ਆਇਆ ਹੈ। ਇਸ ਕਦਮ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albaਪ੍ਰਧਾnese ਅਤੇ ਰਾਜਦੂਤ Kevin Rudd ਲਈ ਇਮਤਿਹਾਨ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਛੇਤੀ ਹੀ ਰਾਸ਼ਟਰਪਤੀ ਟਰੰਪ ਨਾਲ ਆਸਟ੍ਰੇਲੀਆ ਨੂੰ ਟੈਰਿਫ਼ ਤੋਂ ਛੋਟ ਦੇਣ ਲਈ ਗੱਲ ਕਰਨਗੇ।

ਦੂਜੇ ਪਾਸੇ ਟੈਰਿਫ ਲਗਾਉਣ ਦੀਆਂ ਖਬਰਾਂ ਤੋਂ ਬਾਅਦ ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਆਸਟ੍ਰੇਲੀਆਈ ਸਟਾਕ ਐਕਸਚੇਂਜ (ASX) ਖੁੱਲ੍ਹਣ ਦੇ ਤੁਰੰਤ ਬਾਅਦ 0.65 ਫੀਸਦੀ ਡਿੱਗ ਗਿਆ, ਇਸ ’ਚ 55 ਅੰਕਾਂ ਦੀ ਕਮੀ ਆਈ।