ਮੈਲਬਰਨ : ਸਿਡਨੀ ਦੇ ਸਬਅਰਬ Earlwood ਦੀ ਵਾਸੀ 14 ਮਹੀਨੇ ਦੀ Olivia ਦੀ ਮੰਗਲਵਾਰ ਸਵੇਰੇ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦਾ ਪਿਤਾ Etienne Ancelet ਉਸ ਨੂੰ ਡੇਕੇਅਰ ’ਚ ਛੱਡਣ ਦੀ ਬਜਾਏ ਆਪਣਾ ਨਾਲ ਸਿੱਧਾ ਦਫ਼ਤਰ ਲੈ ਗਿਆ। ਸ਼ਾਮ ਸਮੇਂ ਜਦੋਂ ਉਹ ਡੇਕੇਅਰ ਵਾਪਸ ਪਹੁੰਚਿਆ ਤਾਂ ਜਾ ਕੇ ਉਸ ਨੂੰ ਪਤਾ ਲੱਗਾ ਕਿ ਬੱਚੀ ਸਵੇਰ ਤੋਂ ਕਾਰ ਅੰਦਰ ਹੀ ਬੰਦ ਪਈ ਸੀ। ਪਰ ਉਦੋਂ ਤਕ ਬੱਚੀ ਦੀ ਮੌਤ ਹੋ ਚੁੱਕੀ ਸੀ।
ਮਾਹਰਾਂ ਦਾ ਕਹਿਣਾ ਹੈ ਕਿ Forgotten Baby Syndrome, ਇੱਕ ਮਨੋਵਿਗਿਆਨਕ ਸਥਿਤੀ ਹੈ ਜਿੱਥੇ ਮਾਪੇ ਅਣਜਾਣੇ ਵਿੱਚ ਬੱਚਿਆਂ ਨੂੰ ਗੱਡੀਆਂ ਜਾਂ ਘਰਾਂ ਵਿੱਚ ਛੱਡ ਦਿੰਦੇ ਹਨ। ਅਜਿਹਾ ਧਿਆਨ ਭਟਕਣ, ਤਣਾਅ ਅਤੇ ਥਕਾਵਟ ਵਰਗੇ ਕਾਰਕਾਂ ਕਾਰਨ ਹੋ ਸਕਦਾ ਹੈ।
ਬਾਲ ਸੰਭਾਲ ਦੇ ਵਕੀਲ ਇੱਕ ਅਜਿਹੀ ਪ੍ਰਣਾਲੀ ਦੀ ਸ਼ੁਰੂਆਤ ਲਈ ਜ਼ੋਰ ਦੇ ਰਹੇ ਹਨ ਜਿੱਥੇ ਜੇਕਰ ਬੱਚੇ ਸਵੇਰੇ 9 ਵਜੇ ਤਕ ਨਹੀਂ ਪਹੁੰਚਦੇ ਹਨ ਤਾਂ ਮਾਪਿਆਂ ਨੂੰ ਤੁਰੰਤ ਸੁਚੇਤ ਕੀਤਾ ਜਾਂਦਾ ਹੈ। ਫੈਡਰਲ ਸਰਕਾਰ ਇਸ ਪ੍ਰਸਤਾਵ ’ਤੇ ਵਿਚਾਰ ਕਰ ਰਹੀ ਹੈ, ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਰੈਗੂਲੇਟਰਾਂ ਨੂੰ ਇਸ ਮਾਮਲੇ ’ਤੇ ਸਲਾਹ ਦੇਣ ਲਈ ਕਿਹਾ ਹੈ।
ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ Forgotten Baby Syndrome ਤੋਂ ਬਚਣ ਲਈ ਪੂਰੀ ਨੀਂਦ ਅਤੇ ਆਰਾਮ ਦੀ ਜ਼ਰੂਰਤ ਹੈ। ਅਤੇ ਰੋਜ਼-ਰੋਜ਼ ਦੇ ਰੁਟੀਨ ਨੂੰ ਕਦੇ-ਕਦੇ ਤੋੜਨਾ ਵੀ ਇਸ ਬਿਮਾਰੀ ਤੋਂ ਬਚਾਅ ਕਰ ਸਕਦਾ ਹੈ।