ਮੈਲਬਰਨ : ਮੈਲਬਰਨ ਦੀ ਇੱਕ ਅੰਡਰਵਰਲਡ ਸ਼ਖਸੀਅਤ ਸੈਮ ਅਬਦੁਲਰਹੀਮ, ਜਿਸ ਨੂੰ ‘ਦ ਪੁਨੀਸ਼ਰ’ ਵਜੋਂ ਜਾਣਿਆ ਜਾਂਦਾ ਸੀ, ਦੀ ਮੈਲਬਰਨ ਦੇ ਨੌਰਥ-ਈਸਟ ਸਥਿਤ Preston ਵਿੱਚ ਇੱਕ ਕਾਰ ਪਾਰਕ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 32 ਸਾਲ ਦਾ ਅਬਦੁਲਰਹੀਮ ਆਪਣੀ ਉਸ ਸਮੇਂ ਆਪਣੀ ਪ੍ਰੇਮਿਕਾ ਨਾਲ ਆਪਣੀ ਕਾਰ ਵੱਲ ਜਾ ਰਿਹਾ ਸੀ, ਜਦੋਂ ਹਮਲਾਵਰ ਨੇ ਨੇੜੇ ਆ ਕੇ ਉਸ ’ਤੇ ਕਈ ਗੋਲੀਆਂ ਚਲਾਈਆਂ। ਅਬਦੁਲ ਰਹੀਮ ਦੀ ਮੌਕੇ ’ਤੇ ਹੀ ਮੌਤ ਹੋ ਗਈ, ਹਾਲਾਂਕਿ ਉਸ ਦੀ ਪ੍ਰੇਮਿਕਾ ਵਾਲ-ਵਾਲ ਬਚ ਗਈ। ਪੁਲਿਸ ਦਾ ਮੰਨਣਾ ਹੈ ਕਿ ਇੱਕ ਤੋਂ ਵੱਧ ਅਪਰਾਧੀ ਸ਼ਾਮਲ ਸਨ ਜੋ ਇੱਕ ਚਿੱਟੇ ਪੋਰਸ਼ SUV ’ਚ ਬੈਠ ਕੇ ਉਥੋਂ ਭੱਜ ਗਏ। ਬਾਅਦ ’ਚ ਕਾਰ ਰਿਜ਼ਰਵੇਅਰ ਵਿੱਚ ਅੱਗ ਨਾਲ ਸੜੀ ਹੋਈ ਮਿਲੀ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਬਦੁਲਰਹੀਮ ਦੀ ਜਾਨ ’ਤੇ ਇਹ ਪਹਿਲੀ ਵਾਰੀ ਹਮਲਾ ਨਹੀਂ ਹੋਇਆ ਹੈ। ਪਿਛਲੇ ਸਾਲ ਮਈ ’ਚ ਵੀ ਉਸ ’ਤੇ ਹਮਲਾ ਹੋਇਆ ਸੀ। ਜੂਨ, 2022 ’ਚ ਉਸ ਦੀ ਛਾਤੀ ’ਚ ਪੰਜ ਗੋਲੀਆਂ ਮਾਰੀਆਂ ਗਈਆਂ ਪਰ ਉਹ ਬਚ ਗਿਆ ਸੀ। 2019 ’ਚ ਵੀ ਉਸ ਦੀ ਜਾਨ ਲੈਣ ਲਈ ਹਮਲੇ ਕੀਤੇ ਗਏ ਸਨ।