ਮਹਿੰਗਾਈ ਰੇਟ ’ਚ ਉਮੀਦ ਤੋਂ ਜ਼ਿਆਦਾ ਕਮੀ, RBA ਵਿਆਜ ਰੇਟ ’ਚ ਵੀ ਕਟੌਤੀ ਦੀਆਂ ਉਮੀਦਾਂ ਵਧੀਆਂ

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਰੇਟ ਦਸੰਬਰ ਤਿਮਾਹੀ ਲਈ ਘਟ ਕੇ 2.4 ਰਹਿ ਗਿਆ ਹੈ। ਇਹ ਮਾਰਚ 2021 ਤੋਂ ਬਾਅਦ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ, ਜਿਸ ਦਾ ਕਾਰਨ ਮਕਾਨ ਅਤੇ ਆਵਾਜਾਈ ਦੀਆਂ ਲਾਗਤਾਂ ਵਿੱਚ ਕਮੀ ਦੇ ਨਾਲ-ਨਾਲ ਸਰਕਾਰ ਦੇ ਬਿਜਲੀ ਬਿੱਲ ’ਚ ਰਾਹਤ ਹੈ।

ਹਾਲਾਂਕਿ ਕੇਂਦਰੀ ਮਹਿੰਗਾਈ ਰੇਟ ਦਸੰਬਰ ਤਿਮਾਹੀ ਲਈ ਘਟ ਕੇ 3.2٪ ਰਿਹਾ। ਰਿਜ਼ਰਵ ਬੈਂਕ ਨੇ ਇਸ ਦੇ 3.3٪ ਰਹਿਣ ਦੀ ਉਮੀਦ ਪ੍ਰਗਟਾਈ ਸੀ। ਮਹਿੰਗਾਈ ਰੇਟ ਦੇ ਉਮੀਦਾਂ ਨੂੰ ਪਾਰ ਕਰਨ ਦੇ ਨਾਲ ਹੀ ਅਗਲੇ ਮਹੀਨੇ ਵਿਆਜ ਰੇਟ ਵਿੱਚ ਕਟੌਤੀ ਦੀ ਉਮੀਦ ਵੀ ਵਧ ਗਈ ਹੈ। ਇਹ ਕਮੀ ਪਿਛਲੀ ਤਿਮਾਹੀ ਦੇ ਸੋਧੇ ਹੋਏ 3.6٪ ਤੋਂ ਇੱਕ ਮਹੱਤਵਪੂਰਣ ਗਿਰਾਵਟ ਹੈ।

ਅਰਥਸ਼ਾਸਤਰੀ ਹੁਣ 18 ਫਰਵਰੀ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਵਿਆਜ ਰੇਟ ਵਿੱਚ ਕਟੌਤੀ ਦੀ ਭਵਿੱਖਬਾਣੀ ਕਰ ਰਹੇ ਹਨ, ਕੁਝ ਨੇ 2025 ਵਿੱਚ ਤਿੰਨ ਕਟੌਤੀਆਂ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ, ਹੋਰਾਂ ਦਾ ਮੰਨਣਾ ਹੈ ਕਿ RBA ਮੌਜੂਦਾ ਕੈਸ਼ ਰੇਟ ਨੂੰ 4.35٪ ’ਤੇ ਹੀ ਬਣਾਈ ਰੱਖ ਸਕਦਾ ਹੈ।