ਬੀਤੇ ਸਾਲ ਦੌਰਾਨ ਆਸਟ੍ਰੇਲੀਆ ’ਚ 4.9 ਫ਼ੀ ਸਦੀ ਵਧੇ ਪ੍ਰਾਪਰਟੀ ਦੇ ਮੁੱਲ, ਦੂਜੀ ਛਿਮਾਹੀ ’ਚ ਲੱਗੀ ਕੀਮਤਾਂ ਵਧਣ ’ਤੇ ਲਗਾਮ

ਮੈਲਬਰਨ : ਪ੍ਰਾਪਰਟੀ ਦੀਆਂ ਕੀਮਤਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ CoreLogic ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਘਰਾਂ ਦੀਆਂ ਕੀਮਤਾਂ ’ਚ 4.9 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ।

ਸਾਲ ਦੀ ਪਹਿਲੀ ਛਿਮਾਹੀ ਦੌਰਾਨ ਘਰਾਂ ਦੀਆਂ ਕੀਮਤਾਂ ’ਚ ਕੁੱਲ ਮਿਲਾ ਕੇ 4.1 ਫ਼ੀ ਸਦੀ ਵਾਧਾ ਵੇਖਣ ਨੂੰ ਮਿਲਿਆ ਸੀ, ਪਰ ਸਾਲ ਦੀ ਦੂਜੀ ਛਿਮਾਹੀ ਦੌਰਾਨ ਪ੍ਰਾਪਰਟੀ ਕੀਮਤਾਂ ਵਿੱਚ ਵਾਧਾ ਲਗਾਤਾਰ ਕਮਜ਼ੋਰ ਹੁੰਦਾ ਗਿਆ। ਪਿਛਲੀ ਤਿਮਾਹੀ ਦੌਰਾਨ ਕੀਮਤਾਂ ’ਚ ਕਮੀ ਦੇ ਬਾਵਜੂਦ, ਆਸਟ੍ਰੇਲੀਆ ਪ੍ਰਾਪਰਟੀ ਦੀਆਂ ਕੀਮਤਾਂ ਪਿਛਲੇ ਸਾਲ ਕੁੱਲ ਮਿਲਾ ਕੇ 4.9 ਫ਼ੀ ਸਦੀ ਜਾਂ ਔਸਤਨ ਲਗਭਗ 38,000 ਡਾਲਰ ਵਧੀਆਂ।

ਅਸਲ ’ਚ ਲੋਕਾਂ ਦੀ ਘਰ ਖ਼ਰੀਦਣ ਦੀ ਸਮਰੱਥਾ ’ਚ ਕਮੀ ਆਉਣ ਕਾਰਨ ਮੰਗ ’ਚ ਕਮੀ ਆਈ ਹੈ, ਜਿਸ ਕਾਰਨ ਕੀਮਤ ਘਟ ਰਹੀਆਂ ਹਨ। ਤਿੰਨ ਰਾਜਧਾਨੀ ਸ਼ਹਿਰਾਂ ਵਿੱਚ ਸਾਲ ਭਰ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਨ੍ਹਾਂ ਵਿੱਚ ਮੈਲਬਰਨ (ਤਿੰਨ ਫ਼ੀ ਸਦੀ), ਹੋਬਾਰਟ (0.6 ਫ਼ੀ ਸਦੀ) ਅਤੇ ਕੈਨਬਰਾ (0.4 ਫ਼ੀ ਸਦੀ) ਸ਼ਾਮਲ ਹਨ।

ਦਸੰਬਰ ਦੌਰਾਨ 0.6 ਫੀਸਦੀ ਅਤੇ ਬੀਤੀ ਤਿਮਾਹੀ ’ਚ 1.4 ਫੀਸਦੀ ਦੀ ਗਿਰਾਵਟ ਦੇ ਬਾਵਜੂਦ ਸਿਡਨੀ ’ਚ ਘਰ ਦੇ ਮੁੱਲ ਸਾਲ ਭਰ ਦੌਰਾਨ 2.3 ਫੀਸਦੀ ਵਧ ਕੇ ਔਸਤਨ 1.19 ਮਿਲੀਅਨ ਡਾਲਰ ਹੋ ਗਏ। ਹਾਲਾਂਕਿ, ਦਰਮਿਆਨੇ ਆਕਾਰ ਦੇ ਕੈਪੀਟਲ ਸਿਟੀਜ਼ ਵਿੱਚ ਕੀਮਤਾਂ ਵਧੀਆਂ ਹਨ, ਪਰਥ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 19.1 ਫ਼ੀ ਸਦੀ, ਐਡੀਲੇਡ ’ਚ 13.1 ਫ਼ੀ ਸਦੀ ਅਤੇ ਬ੍ਰਿਸਬੇਨ ’ਚ ਕੀਮਤਾਂ 11.2 ਫ਼ੀ ਸਦੀ ਵਧੀਆਂ।