ਮੈਲਬਰਨ : ਭਾਰਤ ’ਚ ਬੈਠੇ ਕੁੱਝ ਸਾਇਬਰ ਠੱਗਾਂ ਨੇ ਆਸਟ੍ਰਲੀਆ ਦੇ ਇੱਕ ਨੌਜੁਆਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਤੋਂ 10 ਹਜ਼ਾਰ ਡਾਲਰ ਵੀ ਟਰਾਂਸਫ਼ਰ ਕਰਵਾ ਲਏ। ਇਸ ਤੋਂ ਬਾਅਦ ਵੀ ਸਾਇਬਰ ਠੱਗ ਧਮਕੀ ਦਿੰਦੇ ਰਹੇ ਤਾਂ ਪੀੜਤ ਨੇ ਪੁਲਿਸ ਨੂੰ ਰੋਂਦੇ ਹੋਏ ਹੱਡਬੀਤੀ ਸੁਣਾਈ ਅਤੇ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ। ਖ਼ੁਦਕੁਸ਼ੀ ਦੀ ਗੱਲ ਸੁਣਦੇ ਹੀ ਪੁਲਿਸ ਨੇ ਤੁਰੰਤ ਠੱਗ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ ਲੱਭੀ ਅਤੇ 30 ਮਿੰਟਾਂ ਅੰਦਰ ਟਿਕਾਣੇ ਪਹੁੰਚ ਗਈ। ਪੁਲਿਸ ਨੂੰ ਵੇਖਦਿਆਂ ਹੀ ਠੱਗ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਜਣਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ।
ਇਹ ਠੱਗ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਗੋਵਿੰਦਗੜ੍ਹ ’ਚੋਂ ਠੱਗੀ ਨੂੰ ਅੰਜਾਮ ਦੇ ਰਹੇ ਸਨ। ਠੱਗ ਆਸਟ੍ਰੇਲੀਆਈ ਨੌਜੁਆਨ ਨੂੰ ਆਪਣੀ ਪਤਨੀ ਤੋਂ ਫ਼ੋਨ ਕਰਵਾ ਰਿਹਾ ਸੀ, ਜਿਸ ਨੇ ਫ਼ੇਸਬੁੱਕ ’ਤੇ ਉਸ ਨਾਲ ਦੋਸਤੀ ਪਾ ਕੇ ਉਸ ਦੀ ਨਿਊਡ ਵੀਡੀਓ ਬਣਾ ਲਈ ਸੀ। ਉਹ ਵਾਰ-ਵਾਰ ਉਸ ਨੂੰ ਫ਼ੋਨ ਕਰ ਕੇ ਪੈਸੇ ਪਾਉਣ ਲਈ ਕਹਿ ਰਹੀ ਸੀ ਅਤੇ ਪੈਸੇ ਨਾ ਪਾਉਣ ’ਤੇ ਪੁਲਿਸ ਕੋਲ ਸ਼ਿਕਾਇਤ ਅਤੇ ਵੀਡੀਓ ਗਰੁੱਪ ’ਚ ਵਾਇਰਲ ਕਰਨ ਬਾਰੇ ਧਮਕਾ ਰਹੀ ਸੀ। ਇਨ੍ਹਾਂ ਠੱਗਾਂ ਦਾ ਨਾਂ ਸਾਹਿਲ, ਉਸ ਦੀ ਮਾਂ ਬਸਮੀਨਾ, ਭਰਾ ਵਕੀਲ ਖਾਂ ਅਤੇ ਭਰਾ ਦੀ ਪਤਨੀ ਮਕੂਨਤ ਹੈ। ਇਹ ਸਾਰੇ ਅਲਵਰ ਜ਼ਿਲ੍ਹੇ ਦੇ ਫਾਹਰੀ ਥਾਣਾ ਵਾਸੀ ਹਨ। ਪੁਲਿਸ ਚਾਰਾਂ ਦੀ ਭਾਲ ਕਰ ਰਹੀ ਹੈ।