ਕੁਈਨਜ਼ਲੈਂਡ ਦੀ ਲੈਬਾਰਟਰੀ ’ਚੋਂ ਗ਼ਾਇਬ ਹੋਈਆਂ ਤਿੰਨ ਖ਼ਤਰਨਾਕ ਵਾਇਰਸ ਦੀਆਂ ਸ਼ੀਸ਼ੀਆਂ, ਜਾਂਚ ਜਾਰੀ

ਮੈਲਬਰਨ : ਕੁਈਨਜ਼ਲੈਂਡ ਦੀ ਇਕ ਲੈਬਾਰਟਰੀ ਤੋਂ ਹੈਂਡਰਾ ਵਾਇਰਸ, ਲਿਸਾਵਾਇਰਸ ਅਤੇ ਹੰਤਾਵਾਇਰਸ ਸਮੇਤ ਛੂਤ ਦੇ ਵਾਇਰਸਾਂ ਦੀਆਂ ਤਿੰਨ ਸ਼ੀਸ਼ੀਆਂ ਗਾਇਬ ਹੋਣ ਤੋਂ ਬਾਅਦ ਤੁਰੰਤ ਜਾਂਚ ਦੇ ਹੁਕਮ ਦਿਤੇ ਗਏ ਹਨ। ਖ਼ਤਰਨਾਕ ਵਾਇਰਸ ਦੀਆਂ ਇਨ੍ਹਾਂ ਸ਼ੀਸ਼ੀਆਂ ਦੇ ਗਾਇਬ ਹੋਣ ਦਾ ਪਤਾ ਅਗਸਤ 2023 ’ਚ ਲੱਗਾ ਸੀ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤਕ ਸ਼ੀਸ਼ੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਹਾਲਾਂਕਿ ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ Dr. John Gerrard ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਖਤਰੇ ਦਾ ਕੋਈ ਸਬੂਤ ਨਹੀਂ ਹੈ, ਕਿਉਂਕਿ ਵਾਇਰਸ ਦੇ ਨਮੂਨੇ ਫ਼ਰੀਜ਼ਰ ਤੋਂ ਬਾਹਰ ਮਗਰੋਂ ਤੇਜ਼ੀ ਨਾਲ ਨਸ਼ਟ ਹੋ ਜਾਣਗੇ ਅਤੇ ਗੈਰ-ਛੂਤਕਾਰੀ ਬਣ ਜਾਣਗੇ।

ਦੂਜੇ ਪਾਸੇ ਕੁਈਨਜ਼ਲੈਂਡ ਸਰਕਾਰ ਨੇ ਕੁਈਨਜ਼ਲੈਂਡ ਦੇ ਸਿਹਤ ਵਿਭਾਗ ਨੂੰ ਇਸ ਉਲੰਘਣਾ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹਾ ਦੁਬਾਰਾ ਨਾ ਹੋਵੇ। ਸਿਹਤ ਮੰਤਰੀ Tim Nicholls ਨੇ ਭਵਿੱਖ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪ੍ਰਯੋਗਸ਼ਾਲਾ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਉੱਚ ਦਰਜੇ ਦਾ ਬਣਾਉਣ ਲਈ ਉਲੰਘਣਾ ਦੀ ਜਾਂਚ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।