- NSW ਅਤੇ ਸਿਡਨੀ ਰੇਲ ਯੂਨੀਅਨ ਵਿਚਕਾਰ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਨਹੀਂ ਬਣ ਸਕੀ ਸਹਿਮਤੀ
ਮੈਲਬਰਨ : ਰੇਲ ਯੂਨੀਅਨਾਂ ਨਾਲ NSW ਸਰਕਾਰ ਦੀ ਤਨਖ਼ਾਹ ਵਧਾਉਣ ਬਾਰੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਦੂਜੇ ਪਾਸੇ ਅਦਾਲਤ ਦੇ ਹੁਕਮ ਅਨੁਸਾਰ ਹੋਰ ਰੇਲ ਹੜਤਾਲਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ ਉਹ ਨਰਸਾਂ ਅਤੇ ਹੋਰ ਖੇਤਰਾਂ ਦੇ ਦਾਅਵਿਆਂ ਤੋਂ ਇਨਕਾਰ ਕਰਦੇ ਹੋਏ ਰੇਲ ਯੂਨੀਅਨਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਹੋ ਸਕਦੇ।
ਕ੍ਰਿਸਮਸ ਦੇ ਮੱਦੇਨਜ਼ਰ ਰੇਲ ਹੜਤਾਲਾਂ ਦੇ ਡਰੋਂ, ਟਰਾਂਸਪੋਰਟ ਫਾਰ NSW ਵੱਲੋਂ ਸੰਚਾਲਿਤ ‘ਸਿਡਨੀ ਟਰੇਨਜ਼’ ਨੇ ਰੇਲ ਟ੍ਰਾਮ ਅਤੇ ਬੱਸ ਯੂਨੀਅਨ ਦੀ ਹੜਤਾਲ ਰੋਕਣ ਦੀ ਕੋਸ਼ਿਸ਼ ਕਰਨ ਲਈ ਐਤਵਾਰ ਦੇਰ ਰਾਤ ਅਦਾਲਤ ਦਾ ਦਰਵਾਜ਼ਾ ਖਟਖਟਾਇਆ। ਜਲਦਬਾਜ਼ੀ ’ਚ ਹੋਈ ਸੁਣਵਾਈ ’ਚ ਫੈਡਰਲ ਕੋਰਟ ਨੇ ਹੜਤਾਲ ’ਤੇ ਅੰਤਰਿਮ ਰੋਕ ਦਾ ਹੁਕਮ ਜਾਰੀ ਕਰਨ ’ਤੇ ਸਹਿਮਤੀ ਪ੍ਰਗਟਾਈ। ਯੂਨੀਅਨਾਂ ਨੂੰ ਹੜਤਾਲ ਨਾ ਕਰਨ ਅਤੇ ਆਪਣੇ ਮੈਂਬਰਾਂ ਨੂੰ ਵੀ ਇਹ ਦੱਸਣ ਦਾ ਹੁਕਮ ਦਿੱਤਾ ਗਿਆ ਕਿ ਅਜਿਹੀਆਂ ਕਿਸੇ ਯੋਜਨਾਵਾਂ ਦੀ ਇਜਾਜ਼ਤ ਨਹੀਂ ਹੈ। ਦੂਜੇ ਪਾਸੇ ਰੇਲ ਟ੍ਰਾਮ ਐਂਡ ਬੱਸ ਯੂਨੀਅਨ ਨੇ ਸਰਕਾਰ ਦੀਆਂ ਕਾਰਵਾਈਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ‘ਘਟੀਆ ਰਣਨੀਤੀ’ ਹੈ ਅਤੇ ‘ਇਸ ਸਟੇਟ ਦੇ ਸਾਰੇ ਵਰਕਰਾਂ ’ਤੇ ਸਿੱਧਾ ਹਮਲਾ’ ਹੈ।