ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਸਟੇਟ ਪਾਰਲੀਮੈਂਟ ’ਚ ਪਿੱਛੇ ਜਿਹੇ ਵਿਕਟੋਰੀਆ ਦੀ ਇੱਕ ਝੀਲ ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁੱਝ ਸਥਾਨਕ ਲੋਕਾਂ ਵੱਲੋਂ ਇਸ ਝੀਲ ਦਾ ਨਾਮ ਬਦਲਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਸਥਾਨਕ ਭਾਈਚਾਰੇ ਨਾਲ ਸਲਾਹ-ਮਸ਼ਵਰਾ ਕੀਤੇ ਬਗ਼ੈਰ ਹੀ ਝੀਲ ਦਾ ਨਾਮ ਬਦਲ ਦਿੱਤਾ ਗਿਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਗੁਰੂ ਨਾਨਕ ਜੀ ਦੇ ਨਾਂ ’ਤੇ ਬਣੀ ਲੇਕ – Sea7 Australia
ਪਾਰਲੀਮੈਂਟ ’ਚ ਬੋਲਦਿਆਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ, ‘‘ਵਿਕਟੋਰੀਆ ਦੀਆਂ ਮਜ਼ਬੂਤੀਆਂ ’ਚੋਂ ਇੱਕ ਵੰਨ-ਸੁਵੰਨਤਾ ਹੈ। ਇੱਥੇ ਆਉਣ ਵਾਲਾ ਹਰ ਪ੍ਰਵਾਸੀ ਇਸ ਸਟੇਟ ਨੂੰ ਮਹਾਨ ਬਣਾਉਣ ’ਚ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਯੋਗਦਾਨ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਅਗਲੇ ਕੁੱਝ ਸਾਲਾਂ ’ਚ ਸਟੇਟ ਅੰਦਰ ਹਜ਼ਾਰਾਂ ਥਾਵਾਂ ਦੇ ਨਾਮ ਬਦਲੇ ਜਾਣਗੇ। ਜਿਨ੍ਹਾਂ ’ਚ ਸੜਕਾਂ, ਸਰਕਾਰੀ ਇਮਾਰਤਾਂ, ਪਾਰਕ ਅਤੇ ਝੀਲਾਂ ਸ਼ਾਮਲ ਹੋਣਗੀਆਂ। ਇਸ ਲਈ ਮੇਰੀ ਸਰਕਾਰ ਦੀ ਨੀਤੀ ਹੈ ਕਿ ਇਨ੍ਹਾਂ ਥਾਵਾਂ ਦੇ ਨਾਮ ਉਸੇ ਭਾਈਚਾਰੇ ਦੇ ਅਨੁਸਾਰ ਹੋਣਗੇ ਜੋ ਉਥੇ ਰਹਿੰਦੇ ਹਨ। ਇਸੇ ਮਹੀਨੇ ਅਸੀਂ ਇੱਕ ਸਥਾਨਕ ਝੀਲ ਨੂੰ ਨਵਾਂ ਨਾਮ ਦਿੱਤਾ ਸੀ। ਇਹ ਨਾਮ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਲੀਡਰ ਦੇ ਨਾਂ ’ਤੇ ਰੱਖਿਆ ਗਿਆ। ‘ਗੁਰੂ ਨਾਨਕ ਲੇਕ’ ਇਸ ਗੱਲ ਦਾ ਸਬੂਤ ਹੈ ਕਿ ਸਿੱਖਾਂ ਨੇ ਵਿਕਟੋਰੀਆ ਸਟੇਟ ਲਈ ਕਿੰਨਾ ਵੱਡਾ ਯੋਗਦਾਨ ਪਾਇਆ ਹੈ। ਮਹਾਂਮਾਰੀ ਦੌਰਾਨ, ਅੱਗਾਂ, ਹੜ੍ਹਾਂ ਦੌਰਾਨ ਵੀ ਸਿੱਖ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਅਤੇ ਹਰ ਲੋੜਵੰਦ ਨੂੰ ਮੁਫ਼ਤ ’ਚ ਭੋਜਨ ਮੁਹੱਈਆ ਕਰਵਾਇਆ। ਭਾਵੇਂ ਉਹ ਕਿਸੇ ਵੀ ਧਰਮ ਜਾਂ ਥਾਂ ਦਾ ਕਿਉਂ ਨਾ ਹੋਵੇ।’’
ਉਨ੍ਹਾਂ ਅੱਗੇ ਕਿਹਾ, ‘‘ਪਰ ਅਫ਼ਸੋਸ ਦੀ ਗੱਲ ਹੈ ਕਿ ਕੁੱਝ ਅਜਿਹੇ ਲੋਕ ਵੀ ਹਨ ਜੋ ਇਸ ਨਾਮਕਰਨ ਤੋਂ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਨੇ ਰੈਲੀ ਕੱਢ ਦਿੱਤੀ। ਇਸ ਰੈਲੀ ਦਾ ਸਿਰਫ਼ ਇੱਕ ਨਤੀਜਾ ਨਿਕਲਿਆ, ਉਹ ਸੀ ਵੰਡੀਆਂ ਅਤੇ ਨਫ਼ਰਤ ਫੈਲਾਉਣਾ। ਸਾਨੂੰ ਪਤਾ ਹੈ ਕਿ ਰੈਲੀ ’ਚ ਕੌਣ ਆਇਆ। ਨਾਜ਼ੀਵਾਦੀ। ਕਿਉਂਕਿ ਜਦੋਂ ਤੁਸੀਂ ਲੋਕਾਂ ’ਚ ਵੰਡੀਆਂ ਪਾਉਂਦੇ ਹੋ ਤਾਂ ਕੋਈ ਨਾ ਕੋਈ ਕੱਟੜਵਾਦੀ ਆ ਕੇ ਉਸ ਦਾ ਲਾਭ ਲੈਂਦਾ ਹੈ। ਸਾਡੀ ਸਰਕਾਰ ਸਿੱਖਾਂ ਨਾਲ ਖੜ੍ਹੀ ਹੈ। ਅਸੀਂ ਸਿੱਖਾਂ ਨੂੰ ਮਾਨਤਾ ਦਿੰਦੇ ਹਾਂ। ਅਸੀਂ ਇੱਕ ਝੀਲ ਦਾ ਨਾਮ ‘ਗੁਰੂ ਨਾਨਕ ਲੇਕ’ ਰੱਖਦੇ ਹਾਂ। ਵਿਰੋਧੀ ਧਿਰ ਦੇ ਲੀਡਰ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਿੱਖਾਂ ਨਾਲ ਖੜ੍ਹੇ ਹਨ ਜਾਂ ਨਾਜ਼ੀਵਾਦੀਆਂ ਨਾਲ, ਜੋ ਵੰਡੀਆਂ ਪਾ ਰਹੇ ਹਨ ਅਤੇ ਨਫ਼ਰਤ ਫੈਲਾ ਰਹੇ ਹਨ।’’
ਇਹ ਵੀ ਪੜ੍ਹੋ : ‘ਗੁਰੂ ਨਾਨਕ ਲੇਕ’ ਦੇ ਵਿਰੋਧ ਮਗਰੋਂ ਹੁਣ ਹੱਕ ’ਚ ਵੀ ਪਟੀਸ਼ਨ ਸ਼ੁਰੂ, ਹਜ਼ਾਰਾਂ ਲੋਕਾਂ ਨੇ ਕੀਤੇ ਹਸਤਾਖ਼ਰ – Sea7 Australia