ਆਸਟ੍ਰੇਲੀਆ ’ਚ ਸਮਾਜਿਕ ਇੱਕਜੁੱਟਤਾ ਕਾਇਮ, 82% ਲੋਕ ਬਹੁ-ਸੱਭਿਆਚਾਰਵਾਦ ਨੂੰ ਮੰਨਦੇ ਨੇ ਚੰਗਾ : ਸਰਵੇਖਣ

ਮੈਲਬਰਨ : ਸਕੈਨਲੋਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੇ ਸਾਲਾਨਾ ਸਰਵੇਖਣ ਮੁਤਾਬਕ ਵਿੱਤੀ ਦਬਾਅ ਅਤੇ ਮਿਡਲ ਈਸਟ ’ਚ ਅਸ਼ਾਂਤੀ ਦੇ ਬਾਵਜੂਦ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਲਚਕੀਲੀ ਬਣੀ ਹੋਈ ਹੈ ਪਰ ਇਮੀਗ੍ਰੇਸ਼ਨ ਨੂੰ ਲੈ ਕੇ ਚਿੰਤਾਵਾਂ ਏਕਤਾ ਨੂੰ ਖਤਮ ਕਰ ਰਹੀਆਂ ਹਨ। 2024 ਦਾ ਸਮਾਜਿਕ ਇਕਜੁੱਟਤਾ ਸੂਚਕ ਅੰਕ 78 ’ਤੇ ਸਥਿਰ ਰਿਹਾ, ਜੋ 2007 ਤੋਂ ਬਾਅਦ ਸਭ ਤੋਂ ਘੱਟ ਹੈ।

ਬਹੁ-ਸੱਭਿਆਚਾਰਵਾਦ ਲਈ ਸਮਰਥਨ ਸਕਾਰਾਤਮਕ (85٪) ਬਣਿਆ ਹੋਇਆ ਹੈ, ਪਰ 49٪ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਦਾ ਪੱਧਰ ਬਹੁਤ ਉੱਚਾ ਹੈ। ਪਿਛਲੇ ਸਾਲ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ ਸਿਰਫ਼ 33٪ ਸੀ। 82% ਲੋਕਾਂ ਦਾ ਮੰਨਣਾ ਹੈ ਕਿ ਬਹੁ-ਸੱਭਿਆਚਾਰਵਾਦ ਆਰਥਿਕਤਾ ਲਈ ਚੰਗਾ ਹੈ। ਇਮੀਗ੍ਰੇਸ਼ਨ ’ਤੇ ਲੋਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। 71% ਦਾ ਕਹਿਣਾ ਹੈ ਕਿ ਕੲੀ ਦੇਸ਼ਾਂ ਤੋਂ ਮਾਈਗਰੈਂਟਸ ਦਾ ਸਵਾਗਤ ਕਰਨ ਨਾਲ ਆਸਟ੍ਰੇਲੀਆ ਮਜ਼ਬੂਤ ਹੋਇਆ ਹੈ ਅਤੇ 83% ਇਸ ਗੱਲ ਨਾਲ ਸਹਿਮਤ ਨਹੀਂ ਸਨ ਕਿ ਆਸਟ੍ਰੇਲੀਆ ਨੂੰ ਨਸਲ ਜਾਂ ਧਰਮ ਦੇ ਆਧਾਰ ’ਤੇ ਮਾਈਗਰੈਂਟਸ ਨੂੰ ਨਾਮਨਜ਼ੂਰ ਕਰਨਾ ਚਾਹੀਦਾ ਹੈ।

ਈਸਾਈਆਂ, ਬੋਧੀਆਂ, ਯਹੂਦੀ ਲੋਕਾਂ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਨਕਾਰਾਤਮਕਤਾ ਵਧਣ ਨਾਲ ਪ੍ਰਮੁੱਖ ਧਾਰਮਿਕ ਸਮੂਹਾਂ ਪ੍ਰਤੀ ਰਵੱਈਆ ਬਦਲ ਗਿਆ ਹੈ। ਮੁਸਲਮਾਨਾਂ ਪ੍ਰਤੀ ਸਕਾਰਾਤਮਕ ਭਾਵਨਾ 24٪ ਤੋਂ ਘਟ ਕੇ 18٪ ਅਤੇ ਯਹੂਦੀ ਲੋਕਾਂ ਪ੍ਰਤੀ 38٪ ਤੋਂ ਘਟ ਕੇ 30٪ ਹੋ ਗਈ। ਹਿੰਦੂਆਂ ਅਤੇ ਸਿੱਖਾਂ ਦੇ ਮਾਮਲੇ ’ਚ ਇਹ 33% ਤੋਂ ਘਟ ਕੇ 26% ਹੋ ਗਈ ਹੈ।