ਮੈਲਬਰਨ : ਮੈਲਬਰਨ ਤੋਂ ਕਰੀਬ 60 ਕਿਲੋਮੀਟਰ ਨੌਰਥ-ਵੈਸਟ ’ਚ ਇਕ ਟਰੱਕ ਦੇ ਕਿੰਡਰਗਾਰਟਨ ਨਾਲ ਟਕਰਾਉਣ ਨਾਲ ਇਕ 43 ਸਾਲ ਦੀ ਔਰਤ ਦੀ ਮੌਤ ਹੋ ਗਈ ਅਤੇ ਇਕ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪਾਣੀ ਦਾ ਟੈਂਕਰ ਦੁਪਹਿਰ 2:20 ਵਜੇ ਦੇ ਕਰੀਬ Riddells Creek ਵਿੱਚ ਮੇਨ ਰੋਡ ’ਤੇ ਪਹਿਲਾਂ ਪੋਲ ’ਚ ਵੱਜਿਆ ਅਤੇ ਫਿਰ Macedon Ranges Montessori Preschool ਨਾਲ ਟਕਰਾ ਗਿਆ। ਪੁਲਿਸ ਮੁਤਾਬਕ ਸਕੂਲ ’ਚ ਕੰਮ ਕਰਨ ਵਾਲੀ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਅਜੇ ਰਸਮੀ ਤੌਰ ’ਤੇ ਪਛਾਣ ਨਹੀਂ ਹੋ ਸਕੀ ਹੈ। ਇਕ ਬੱਚਾ ਜ਼ਖਮੀ ਹੋ ਗਿਆ ਅਤੇ ਉਸ ਨੂੰ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਸਮੇਂ ਕਈ ਬੱਚੇ ਅਤੇ ਅਧਿਆਪਕ ਸਕੂਲ ’ਚ ਸਨ। ਟਰੱਕ ਦੇ ਡਰਾਈਵਰ ਨੂੰ ਵੀ ਨਿਗਰਾਨੀ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ 68 ਸਾਲ ਦੇ ਟਰੱਕ ਡਰਾਈਵਰ ਦੀ ਡਰਾਈਵਿੰਗ ਕਰਦੇ ਸਮੇਂ ਸਿਹਤ ਖ਼ਰਾਬ ਹੋ ਗਈ ਸੀ। ਟੱਕਰ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।