ਮੈਲਬਰਨ : ਆਸਟ੍ਰੇਲੀਆ ’ਚ ਵਸੇ ਭਾਰਤੀਆਂ ਬਾਰੇ ਪ੍ਰਮੁੱਖਤਾ ਨਾਲ ਖ਼ਬਰਾਂ ਦੇਣ ਵਾਲੇ ਇੱਕ ਮੀਡੀਆ ਗਰੁੱਪ ‘The Australia Today’ ਨੇ 25 ਨਵੰਬਰ, 2022 ਨੂੰ ਪ੍ਰਕਾਸ਼ਿਤ ਆਪਣੇ ਇੱਕ ਲੇਖ ਬਾਰੇ ਅੰਮ੍ਰਿਤਵੀਰ ਸਿੰਘ ਤੋਂ ਮੁਆਫੀ ਮੰਗੀ ਹੈ, ਜਿਸ ’ਚ ਅੰਮ੍ਰਿਤਵੀਰ ਸਿੰਘ ਨੂੰ ਗ਼ਲਤ ਤਰੀਕੇ ਨਾਲ ਖਾਲਿਸਤਾਨ ਅੰਦੋਲਨ ਅਤੇ ਅੱਤਵਾਦ ਨਾਲ ਜੋੜਿਆ ਗਿਆ ਸੀ। ਅੰਮ੍ਰਿਤਵੀਰ ਸਿੰਘ ਨੇ ‘The Australia Today’ ਨੈੱਟਵਰਕ ਤੋਂ ਸਪਸ਼ਟੀਕਰਨ, ਖ਼ਬਰ ਵਾਪਸ ਲੈਣ ਅਤੇ ਮੁਆਫੀ ਨੂੰ ਸਵੀਕਾਰ ਕੀਤਾ, ਪਰ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਹੋਏ ਨਿੱਜੀ ਨੁਕਸਾਨ ਦੀ ਪੂਰਤੀ ਨਹੀਂ ਕਰ ਸਕਦਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਝੂਠ ’ਤੇ ਅਧਾਰਤ ਲੇਖ ਪ੍ਰਕਾਸ਼ਤ ਕਰਨ ਵਾਲੇ ਹੋਰ ਨਿਊਜ਼ ਆਊਟਲੇਟ ਵੀ ਹੁਣ ਜ਼ਿੰਮੇਵਾਰੀ ਲੈਣਗੇ ਅਤੇ ਖਬਰਾਂ ਨੂੰ ਵਾਪਿਸ ਲੈਣਗੇ।
ਸੋਸ਼ਲ ਮੀਡੀਆ ਮੰਚ ਫ਼ੇਸਬੁੱਕ ’ਤੇ ਇੱਕ ਬਿਆਨ ਜਾਰੀ ਕਰ ਕੇ ਅੰਮ੍ਰਿਤਵੀਰ ਸਿੰਘ ਨੇ ਆਪਣੀ ਦਿੱਖ ਕਾਰਨ ਛੋਟੀ ਉਮਰ ’ਚ ਹੋਏ ਵਿਤਕਰੇ ਬਾਰੇ ਵੀ ਦਸਿਆ ਅਤੇ ਕਿਹਾ ਕਿ ‘The Australia Today’ ਦੇ ਲੇਖ ਨੇ ਉਸ ਸਾਰੇ ਤਜਰਬੇ ਨੂੰ ਮੁੜ ਸੁਰਜੀਤ ਕਰ ਦਿੱਤਾ ਸੀ।
ਉਨ੍ਹਾਂ ਕਿਹਾ, ‘‘ਮੈਨੂੰ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਮੇਰੇ ਪਿਤਾ ਨੂੰ ਦਰਪੇਸ਼ ਪਰੇਸ਼ਾਨ ਕਰਨ ਵਾਲੇ ਤਜਰਬਿਆਂ ਦੀ ਚੰਗੀ ਤਰ੍ਹਾਂ ਯਾਦ ਹੈ। ਮੈਨੂੰ ਯਾਦ ਹੈ ਕਿ ਅਸੀਂ ਦੋਵੇਂ ਸ਼ਾਮ ਨੂੰ ਬਾਈਕ ਚਲਾਉਂਦੇ ਸੀ ਅਤੇ ਕਈ ਲੋਕ ਸਾਡੇ ’ਤੇ ਕਾਰਾਂ ਦੇ ਹੌਰਨ ਵਜਾਉਂਦੇ ਸੀ ਅਤੇ ਗਾਲ੍ਹਾਂ ਕੱਢਦੇ ਸੀ। ਉਹ ਮੇਰੇ ਪਿਤਾ ਦੀ ਦਾੜ੍ਹੀ ਅਤੇ ਪੱਗ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ‘ਅੱਤਵਾਦੀ’, ‘ਓਸਾਮਾ’ ਅਤੇ ‘ਘਰ ਵਾਪਸ ਜਾਓ’ ਵਰਗੀਆਂ ਟਿੱਪਣੀਆਂ ਕਰਦੇ ਹੁੰਦੇ ਸਨ।’’
ਉਨ੍ਹਾਂ ਕਿਹਾ ਕਿ ਇੱਕ ਬੱਚੇ ਵਜੋਂ ਇਸ ਨੂੰ ਵੇਖਣਾ ਦੁਖਦਾਈ ਸੀ ਅਤੇ ਉਹ ਆਪਣੇ ਪਿਤਾ ਦੀ ਸੁਰੱਖਿਆ ਲਈ ਲਗਾਤਾਰ ਡਰਦੇ ਰਹਿੰਦੇ ਸਨ। ਇੱਥੋਂ ਤਕ ਕਿ ਉੁਨ੍ਹਾਂ ਦੇ ਪਰਿਵਾਰ ਨੇ ਉਦੋਂ ਉਨ੍ਹਾਂ ਦੇ ਪਿਤਾ ਦਾ ਸਮਾਜਿਕ ਇਕੱਠਾਂ ਅਤੇ ਸਮਾਗਮਾਂ ਵਿੱਚ ਵੀ ਜਾਣਾ ਬੰਦ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਸਨ।
ਉਨ੍ਹਾਂ ਅੱਗੇ ਕਿਹਾ, ‘‘ਜਿਵੇਂ-ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੈਂ ਵਿਕਟੋਰੀਆ ਵਿਚ ਸਿੱਖਾਂ ਨੂੰ ਆਪਣੇ ਯੋਗਦਾਨ ਲਈ ਮਾਨਤਾ ਪ੍ਰਾਪਤ ਕਰਦੇ ਦੇਖਿਆ, ਚਾਹੇ ਉਹ ਆਫ਼ਤ ਰਾਹਤ, ਭੋਜਨ ਸਹਾਇਤਾ ਜਾਂ ਹੋਰ ਸਵੈਸੇਵੀ ਯਤਨਾਂ ਰਾਹੀਂ ਹੋਵੇ। ਇਸ ਨੇ ਮੈਨੂੰ ਆਪਣੀ ਵਿਰਾਸਤ ਅਤੇ ਪਛਾਣ ਨੂੰ ਸਵੀਕਾਰ ਕਰਨ ਅਤੇ ਮਾਣ ਕਰਨ ਵਿੱਚ ਸਹਾਇਤਾ ਕੀਤੀ।’’
ਉਨ੍ਹਾਂ ਕਿਹਾ, ‘‘ਹਾਲਾਂਕਿ, ਇਹ ਤਰੱਕੀ ਨਵੰਬਰ 2022 ਵਿੱਚ ਪਟੜੀ ਤੋਂ ਉਤਰ ਗਈ ਜਦੋਂ ‘The Australia Today’ ਦਾ ਲੇਖ ਪ੍ਰਕਾਸ਼ਤ ਹੋਇਆ, ਜੋ ਮੇਰਾ ਮੰਨਣਾ ਹੈ ਕਿ ਇੱਕ ਦੁਸ਼ਟ ਅਤੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਲੇਖ ਸੀ, ਜੋ ਵਿਸ਼ੇਸ਼ ਤੌਰ ’ਤੇ ਵਿਕਟੋਰੀਅਨ ਸਿੱਖਾਂ ਅਤੇ ਮੈਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਇਹ ਲੇਖ ਜੋ ਗਲਤ ਅਤੇ ਗੁੰਮਰਾਹਕੁੰਨ ਦਾਅਵਿਆਂ ਨਾਲ ਭਰਿਆ ਹੋਇਆ ਸੀ, ਹੋਰ ਚੀਜ਼ਾਂ ਦੇ ਨਾਲ-ਨਾਲ, ਇਹ ਸੰਕੇਤ ਦਿੰਦਾ ਸੀ ਕਿ ਮੈਂ ਕੱਟੜਪੰਥੀਆਂ ਅਤੇ ਅੱਤਵਾਦੀਆਂ ਪ੍ਰਤੀ ਹਮਦਰਦੀ ਰੱਖਦਾ ਹਾਂ, ਕਿ ਮੈਂ ਹਥਿਆਰਬੰਦ ਹਿੰਸਾ ਨਾਲ ਜੁੜੇ ਇੱਕ ਅੱਤਵਾਦੀ ਸੁਤੰਤਰਤਾ ਅੰਦੋਲਨ ਦਾ ਸਮਰਥਨ ਕਰਦਾ ਹਾਂ, ਕਿ ਮੈਂ ਇੱਕ ਅੱਤਵਾਦੀ ਸੰਗਠਨ ਦੇ ਮੈਂਬਰਾਂ ਦੀ ਵਕਾਲਤ ਕਰਦਾ ਹਾਂ ਅਤੇ ਇਹ ਕਿ ਮੇਰੀ ਕਥਿਤ ਸ਼ਮੂਲੀਅਤ ਦੀ ਆਸਟ੍ਰੇਲੀਆਈ ਸੁਰੱਖਿਆ ਅਤੇ ਖੁਫੀਆ ਸਥਾਪਨਾ ਦੁਆਰਾ ਜਾਂਚ ਦੀ ਲੋੜ ਹੈ।’’
ਉਨ੍ਹਾਂ ਕਿਹਾ ਕਿ ਉਦੋਂ ਉਹ ਇਕ ਵਾਰ ਫਿਰ ਉਸ ਡਰੀ ਹੋਈ ਸਥਿਤੀ ਵਿਚ ਵਾਪਸ ਆ ਗਏ ਸਨ, ਪਰ ਇਸ ਵਾਰ ਉਨ੍ਹਾਂ ਦੇ ਪਿਤਾ ਦੀ ਬਜਾਏ, ਉਹ ਖ਼ੁਦ ਪੀੜਤ ਸਨ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਆਪਣੇ ਤਜਰਬੇ ਨੂੰ ਸਾਂਝਾ ਕਰ ਕੇ, ਮੈਂ ਵਿਅਕਤੀਆਂ ਨੂੰ ਉਨ੍ਹਾਂ ਦੀ ਦਿੱਖ ਦੇ ਅਧਾਰ ’ਤੇ ਝੂਠੇ ਲੇਬਲ ਲਗਾਉਣ ਦੇ ਡੂੰਘੇ ਅਤੇ ਸਥਾਈ ਨਤੀਜਿਆਂ ’ਤੇ ਚਾਨਣਾ ਪਾਇਆ ਹੈ। ਬੇਲੋੜੀਆਂ ਟਿੱਪਣੀਆਂ ਅਤੇ ਫੈਸਲੇ ਦੇਣਾ ਬਹੁਤ ਸੌਖਾ ਹੈ, ਪਰ ਇਹ ਸ਼ਬਦ ਡੂੰਘੇ ਅੰਤਰ-ਪੀੜ੍ਹੀ ਦੇ ਨਿਸ਼ਾਨ ਛੱਡ ਸਕਦੇ ਹਨ ਜੋ ਆਪਣੇ ਆਪ ਅਤੇ ਆਪਣੇਪਣ ਦੀ ਭਾਵਨਾ ਨੂੰ ਪ੍ਰਭਾਵਤ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਹਰ ਅਪਮਾਨਜਨਕ ਟਿੱਪਣੀ ਹਾਨੀਕਾਰਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਮਜ਼ਬੂਤ ਕਰਦੀ ਹੈ ਅਤੇ ਡਰ ਤੇ ਵੰਡ ਨੂੰ ਕਾਇਮ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸ਼ਬਦਾਂ ਦੇ ਭਾਰ ਅਤੇ ਕਿਸੇ ਦੀ ਜ਼ਿੰਦਗੀ ’ਤੇ ਉਨ੍ਹਾਂ ਦੇ ਪ੍ਰਭਾਵ ਨੂੰ ਪਛਾਣਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸਮਝ ਅਤੇ ਹਮਦਰਦੀ ਨੂੰ ਉਤਸ਼ਾਹਤ ਕਰ ਕੇ, ਅਸੀਂ ਇੱਕ ਅਜਿਹਾ ਸਮਾਜ ਬਣਾ ਸਕਦੇ ਹਾਂ ਜਿੱਥੇ ਪਛਾਣ ਨੂੰ ਬਦਨਾਮ ਕਰਨ ਦੀ ਬਜਾਏ ਮਨਾਇਆ ਜਾਂਦਾ ਹੈ, ਇਹ ਯਕੀਨੀ ਕਰਦੇ ਹੋਏ ਕਿ ਕਿਸੇ ਨੂੰ ਵੀ ਦੂਜਿਆਂ ਦੇ ਪੱਖਪਾਤ ਦੁਆਰਾ ਬੇਇਨਸਾਫੀ ਨਾਲ ਪਰਿਭਾਸ਼ਿਤ ਨਾ ਕੀਤਾ ਜਾਵੇ। ਆਉ ਮਿਲ ਕੇ ਇੱਕ ਅਜਿਹਾ ਆਸਟਰੇਲੀਆ ਬਣਾਉਣ ਲਈ ਕੰਮ ਕਰੀਏ ਜਿਸ ’ਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ।’’
‘The Australia Today’ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਅੱਜ ਕਿਹਾ ਜੇਕਰ ਕਿਸੇ ਨੇ ਵੀ ‘‘Victorian government-funded Sikh festival swamped by Khalistan propaganda’’ ਲੇਖ ਨੂੰ ਪੜ੍ਹ ਕੇ ਅੰਮ੍ਰਿਤਵੀਰ ਸਿੰਘ ਨੂੰ ਅੱਤਵਾਦੀ, ਅੱਤਵਾਦੀ ਪ੍ਰਾਪੇਗੰਡਾ ਫੈਲਾਉਣ ਲਈ ਹਮਾਇਤੀ ਇਕੱਠਾ ਕਰਨ ਵਾਲਾ, ਅੱਤਵਾਦੀਆਂ ਨਾਲ ਹਮਦਰਦੀ ਰੱਖਣ ਵਾਲਾ ਸਮਝਿਆ ਹੋਵੇ ਤਾਂ ਅਦਾਰਾ ਇਨ੍ਹਾਂ ਪ੍ਰਭਾਵਾਂ ਨੂੰ ਵਾਪਸ ਲੈਂਦਾ ਹੈ ਅਤੇ ਹੋਏ ਕਿਸੇ ਵੀ ਨੁਕਸਾਨ ਲਈ ਮੁਆਫੀ ਮੰਗਦਾ ਹੈ। ਅਦਾਰੇ ਨੇ ਲੇਖ ਨੂੰ ਹਟਾ ਦਿੱਤਾ ਹੈ ਅਤੇ ਹੋਰ ਮੀਡੀਆ ਆਊਟਲੇਟਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਇਸ ਨੂੰ ਦੁਬਾਰਾ ਪੇਸ਼ ਕੀਤਾ ਜਾਂ ਹਵਾਲਾ ਦਿੱਤਾ।