ਮੈਲਬਰਨ : ਸਿਡਨੀ ’ਚ ਨਵੀਆਂ ਮੈਟਰੋ ਟ੍ਰੇਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 21.6 ਬਿਲੀਅਨ ਡਾਲਰ ਨਾਲ ਮੁਕੰਮਲ ਇਸ ਪ੍ਰੋਜੈਕਟ ਵਿੱਚ 8 ਨਵੇਂ ਸਟੇਸ਼ਨ ਸ਼ਾਮਲ ਹਨ, ਜਿਸ ਵਿੱਚ Sydney Harbour ਸਮੇਤ Chatswood ਅਤੇ Sydenham ਦੇ ਵਿਚਕਾਰ ਹਰ ‘ਪੀਕ ਆਵਰਸ’ ਦੌਰਾਨ ਹਰ 4 ਮਿੰਟ ਵਿੱਚ ਬਾਅਦ ਟ੍ਰੇਨ ਚੱਲੇਗੀ। ਮੈਟਰੋ ਟ੍ਰੇਨਾਂ 1150 ਤੋਂ ਵੱਧ ਲੋਕਾਂ ਨੂੰ ਲਿਜਾ ਸਕਦੀਆਂ ਹਨ। ਇਨ੍ਹਾਂ ਡਰਾਈਵਰ ਤੋਂ ਬਗ਼ੈਰ ਮੈਟਰੋ ਟ੍ਰੇਨਾਂ ’ਚ 200,000 ਲੋਕਾਂ ਦੇ ਸਫ਼ਰ ਕਰਨ ਦੀ ਉਮੀਦ ਹੈ। ਨਵਾਂ ਰੇਲਵੇ ਸਿਡਨੀ ’ਚ 51.5 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ, ਜਿਸ ਵਿੱਚ ਤਾਲਾਵੋਂਗ ਅਤੇ ਸਿਡੇਨਹੈਮ ਦੇ ਵਿਚਕਾਰ 21 ਸਟੇਸ਼ਨ ਹਨ। ਯਾਤਰੀ transportnsw.info ’ਤੇ ਜਾ ਕੇ ਆਪਣੀਆਂ ਯਾਤਰਾਵਾਂ ਦੀ ਯੋਜਨਾ ਬਣਾ ਸਕਦੇ ਹਨ। ਇਹ ਪ੍ਰਾਜੈਕਟ 2011 ’ਚ ਸ਼ੁਰੂ ਹੋਇਆ ਸੀ ਅਤੇ ਉਸਾਰੀ ਦਾ ਕੰਮ 2017 ’ਚ ਸ਼ੁਰੂ ਕੀਤਾ ਗਿਆ ਸੀ। ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ ਅੱਜ ਤੋਂ ਹਜ਼ਾਰਾਂ ਲੋਕਾਂ ਦੇ ਕੰਮ ’ਤੇ ਜਾਣ ਦਾ ਤਰੀਕਾ ਬਦਲ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਕਿਉਂਕਿ ਨਵੀਂ ਪ੍ਰਣਾਲੀ ਨੂੰ ਬਾਕੀ ਜਨਤਕ ਆਵਾਜਾਈ ਨੈਟਵਰਕ ਨਾਲ ਏਕੀਕ੍ਰਿਤ ਕੀਤਾ ਜਾਣਾ ਅਜੇ ਬਾਕੀ ਹੈ।