ਮੈਲਬਰਨ : ਗੁਲਾਬੀ ਰੰਗ ਦੇ ਗਰਮ ਕੰਬਲ ’ਚ ਲਿਪਟੀ ਜਲੇਬੀ ਨਾਂ ਦੀ ਕੁੱਤੀ ਅੱਜਕਲ੍ਹ ਮੈਲਬਰਨ ਦੇ ਇਕ ਅਪਾਰਟਮੈਂਟ ’ਚ ਅਸਾਧਾਰਣ ਕਿਸਮਤ ਦੀ ਕਹਾਣੀ ਦੱਸ ਰਹੀ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ’ਚ ਕਦੇ ਆਵਾਰਾ ਘੁੰਮਣ ਵਾਲੀ ਚਾਰ ਸਾਲ ਦੀ ਜਲੇਬੀ ਨੂੰ ਐਲੀਸੀਆ ਅਤੇ ਅਰੁਣ ਨੇ ਦੋ ਸਾਲਾਂ ਦੀ ਯੋਜਨਾਬੰਦੀ ਅਤੇ 15,000 ਦੇ ਖਰਚੇ ਤੋਂ ਬਾਅਦ ਪਿਛਲੇ ਮਹੀਨੇ ਹੀ ਮੈਲਬਰਨ ਲਿਆਂਦਾ।
ਨਿਊਜ਼ੀਲੈਂਡ ਦੀ ਜੰਮਪਲ ਐਲੀਸੀਆ ਦੋ ਸਾਲ ਪਹਿਲਾਂ ਅਰੁਣ ਨਾਲ ਪਟਿਆਲਾ ’ਚ ਮਿਡਵਾਈਫ਼ਰੀ ਦੀ ਸਿਖਲਾਈ ਲੈਣ ਲਈ ਗਈ ਸੀ ਜਦੋਂ ਇਕ ਸਵੇਰ ਨੂੰ ਉਸ ਨੇ ਜਲੇਬੀ ਨੂੰ ਆਪਣੇ ਘਰ ਬਾਹਰ ਵੇਖਿਆ। ਜਿਸ ਤੋਂ ਬਾਅਦ ਦੋਹਾਂ ਨੇ ਉਸ ਨੂੰ ਪਾਲਤੂ ਬਣਾਉਣ ਦਾ ਫ਼ੈਸਲਾ ਕਰ ਲਿਆ। ਪਰ ਜਦੋਂ ਉਨ੍ਹਾਂ ਦਾ ਪਟਿਆਲਾ ’ਚ ਰਹਿਣ ਦਾ ਸਮਾਂ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਜਲੇਬੀ ਨੂੰ ਵੀ ਆਪਣੇ ਨਾਲ ਲਿਆਉਣ ਦਾ ਫ਼ੈਸਲਾ ਕੀਤਾ। ਜਲੇਬੀ ਨੂੰ ਇੱਕ ਗੁੰਝਲਦਾਰ ਅਤੇ ਮਹਿੰਗੀ ਪ੍ਰਕਿਰਿਆ ਤੋਂ ਬਾਅਦ ਆਸਟ੍ਰੇਲੀਆ ਲਿਆਂਦਾ ਗਿਆ, ਕਿਉਂਕਿ ਇੱਥੇ ਪਾਲਤੂ ਜਾਨਵਰਾਂ ਦੇ ਆਯਾਤ ਦੇ ਨਿਯਮ ਬਹੁਤ ਸਖਤ ਹੁੰਦੇ ਹਨ ਜਿਨ੍ਹਾਂ ਅਨੁਸਾਰ ਭਾਰਤ ਤੋਂ ਪਾਲਤੂ ਜਾਨਵਰ ਲਿਆਉਣ ’ਤੇ ਪਾਬੰਦੀ ਹੈ। ਪਹਿਲਾਂ ਉਸ ਨੂੰ ਅੱਠ ਮਹੀਨਿਆਂ ਲਈ ਫਰਾਂਸ ਭੇਜਿਆ ਗਿਆ ਅਤੇ ਫਿਰ ਉਹ ਛੇ ਮਹੀਨਿਆਂ ਲਈ ਨਿਊਜ਼ੀਲੈਂਡ ’ਚ ਰਹੀ। ਪਰ ਅਖ਼ੀਰ ਉਹ ਸਾਰੇ ਨਿਯਮਾਂ ਨੂੰ ਪੂਰਾ ਕਰਨ ’ਚ ਕਾਮਯਾਬੀ ਰਹੀ ਅਤੇ ਪਿਛਲੇ ਮਹੀਨੇ ਮੈਲਬਰਨ ’ਚ ਆ ਗਈ।
ਇੱਥੇ ਉਸ ਨੇ ਆਪਣੀ ਨਵੀਂ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਢਾਲ ਲਿਆ ਹੈ ਅਤੇ ਸੈਰ ਕਰਨ, ਘੁੰਮਣ ਅਤੇ ਮੈਲਬਰਨ ਦੀ ਪੜਚੋਲ ਕਰਨ ਦਾ ਅਨੰਦ ਲਿਆ ਹੈ। ਇਹੀ ਨਹੀਂ ਇੰਸਟਾਗ੍ਰਾਮ ’ਤੇ ਉਸ ਦੇ 13,000 ਫਾਲੋਅਰਜ਼ ਵੀ ਹਨ। ਜਲੇਬੀ ਦੀ ਕਹਾਣੀ ਉਸ ਦੀ ਅਸਾਧਾਰਣ ਕਿਸਮਤ ਅਤੇ ਉਸ ਨੂੰ ਪਾਲਤੂ ਬਣਾਉਣ ਵਾਲੇ ਐਲੀਸੀਆ ਅਤੇ ਅਰੁਣ ਦੇ ਪਿਆਰ ਦਾ ਸਬੂਤ ਹੈ।