ਮੈਲਬਰਨ : 2024 ਦੇ Henley Passport Index ਅਨੁਸਾਰ, ਆਸਟ੍ਰੇਲੀਆ ਦੁਨੀਆ ਦਾ ਪੰਜਵਾਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ। ਇਸ ਪਾਸਪੋਰਟ ਨਾਲ ਤੁਸੀਂ 189 ਦੇਸ਼ਾਂ ’ਚ ਵੀਜ਼ਾ ਤੋਂ ਬਗ਼ੈਰ ਸਫ਼ਰ ਕਰ ਸਕਦੇ ਹੋ। ਹਾਲਾਂਕਿ ਇਨ੍ਹਾਂ ਦੇਸ਼ਾਂ ਦੀ ਸੂਚੀ ’ਚ ਭਾਰਤ ਸ਼ਾਮਲ ਨਹੀਂ ਹੈ। ਸੂਚੀ ’ਚ ਕਿਹਾ ਗਿਆ ਹੈ ਕਿ ਭਾਰਤ ਪਹੁੰਚਣ ਲਈ ਤੁਹਾਨੂੰ ਪਹਿਲਾਂ ਈ-ਵੀਜ਼ਾ ਲੈਣ ਦੀ ਜ਼ਰੂਰਤ ਹੋਵੇਗੀ।
ਸਿੰਗਾਪੁਰ 195 ਵੀਜ਼ਾ ਮੁਕਤ ਯਾਤਰਾ ਸਥਾਨਾਂ ਨਾਲ ਸੂਚੀ ਵਿਚ ਸਭ ਤੋਂ ਉੱਪਰ ਹੈ, ਇਸ ਤੋਂ ਬਾਅਦ ਸਪੇਨ, ਫਰਾਂਸ, ਇਟਲੀ, ਜਰਮਨੀ ਅਤੇ ਜਾਪਾਨ ਦੂਜੇ ਸਥਾਨ ‘ਤੇ ਹਨ। ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ, ਜਿਸ ਦੇ ਨਾਗਰਿਕਾਂ ਨੂੰ ਸਿਰਫ 26 ਦੇਸ਼ ਬਿਨਾਂ ਵੀਜ਼ਾ ਦੇ ਸਵੀਕਾਰ ਕਰਦੇ ਹਨ। ਆਸਟ੍ਰੇਲੀਆ ਦੀ ਰੈਂਕਿੰਗ ਪਿਛਲੇ ਸਾਲ ਦੇ ਛੇਵੇਂ ਅਤੇ 2022 ਵਿਚ ਅੱਠਵੇਂ ਸਥਾਨ ਤੋਂ ਬਿਹਤਰ ਹੋਈ ਹੈ। ਭਾਰਤ 82ਵੇਂ ਸਥਾਨ ’ਤੇ ਜਿਸ ਦੇ ਪਾਸਪੋਰਟ ਧਾਰਕਾਂ ਨੂੰ 58 ਦੇਸ਼ਾਂ ’ਚ ਵੀਜ਼ਾਮੁਕਤ ਐਂਟਰੀ ਮਿਲਦੀ ਹੈ।
ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਚੋਟੀ ਦੇ ਪੰਜ ਦੇਸ਼ ਹਨ:
1. ਸਿੰਗਾਪੁਰ (195 ਮੰਜ਼ਿਲ)
2. ਸਪੇਨ, ਫਰਾਂਸ, ਇਟਲੀ, ਜਰਮਨੀ ਅਤੇ ਜਾਪਾਨ (192 ਮੰਜ਼ਿਲ)
3. ਆਸਟਰੀਆ, ਫਿਨਲੈਂਡ, ਆਇਰਲੈਂਡ, ਲਕਸਮਬਰਗ, ਨੀਦਰਲੈਂਡਜ਼, ਦੱਖਣੀ ਕੋਰੀਆ ਅਤੇ ਸਵੀਡਨ (191 ਮੰਜ਼ਿਲ)
4. ਯੂਨਾਈਟਿਡ ਕਿੰਗਡਮ, ਬੈਲਜੀਅਮ, ਡੈਨਮਾਰਕ, ਨਿਊਜ਼ੀਲੈਂਡ, ਨਾਰਵੇ ਅਤੇ ਸਵਿਟਜ਼ਰਲੈਂਡ (190 ਮੰਜ਼ਿਲ)
5. ਆਸਟ੍ਰੇਲੀਆ ਅਤੇ ਪੁਰਤਗਾਲ (189 ਮੰਜ਼ਿਲ)
ਸੂਚੀ ਅਨੁਸਾਰ ਵੈਨੇਜ਼ੁਏਲਾ, ਯਮਨ, ਨਾਈਜੀਰੀਆ, ਸੀਰੀਆ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦਾ ਪਾਸਪੋਰਟ ਕਮਜ਼ੋਰ ਹੋਇਆ ਹੈ, ਜਿੱਥੇ ਰਾਜਨੀਤਿਕ ਉਥਲ-ਪੁਥਲ, ਆਰਥਿਕ ਅਸਥਿਰਤਾ ਅਤੇ ਸਿਵਲ ਅਸ਼ਾਂਤੀ ਫੈਲੀ ਹੋਈ ਹੈ।
ਦੇਸ਼ਾਂ ਦੀ ਪੂਰੀ ਸੂਚੀ ਇਸ ਲਿੰਕ ’ਤੇ ਵੇਖੀ ਜਾ ਸਕਦੀ ਹੈ : ਮੁਕੰਮਲ ਸੂਚੀ