ਮੈਲਬਰਨ : ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਚਾਹੁਣ ਵਾਲੇ ਬਿਮਾਰ ਬੱਚਿਆਂ ਦੇ ਪਰਿਵਾਰਾਂ ਦਰਪੇਸ਼ ਚੁਣੌਤੀਆਂ ਦਾ ਨਵਾਂ ਉਦਾਹਰਣ ਸਾਹਮਣੇ ਆਇਆ ਹੈ। ਵੈਸਟਰਨ ਆਸਟ੍ਰੇਲੀਆ ਦੇ ਪਰਥ ’ਚ ਇਕ ਪਰਿਵਾਰ ਆਪਣੇ ਦੋ ਸਾਲ ਦੇ ਬੇਟੇ ਦੀ ਗੰਭੀਰ ਬੀਮਾਰੀ ਸਿਸਟਿਕ ਫਾਈਬਰੋਸਿਸ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਿਹਾ ਹੈ।
ਆਸਟ੍ਰੇਲੀਆ ਵਿੱਚ ਪੈਦਾ ਹੋਣ ਦੇ ਬਾਵਜੂਦ, ਲੂਕਾ ਦੀ ਵੀਜ਼ਾ ਅਰਜ਼ੀ ਉਸ ਦੇ ਇਲਾਜ ਦੀ ਸੰਭਾਵਿਤ ਵੱਡੀ ਲਾਗਤ ਕਾਰਨ ਰੱਦ ਕਰ ਦਿੱਤੀ ਗਈ। ਉਸ ਦੇ ਇਲਾਜ ’ਤੇ 10 ਸਾਲਾਂ ਵਿੱਚ ਅੰਦਾਜ਼ਨ 1.8 ਮਿਲੀਅਨ ਡਾਲਰ ਦਾ ਖ਼ਰਚ ਆ ਸਕਦਾ ਹੈ। ਉਸ ਦੀ ਮਾਂ ਬ੍ਰਿਟਿਸ਼ ਮੂਲ ਦੀ Laura Currie ਅਤੇ ਪਿਤਾ ਇਤਾਲਵੀ ਮੂਲ ਦਾ Dante Vendittelli ਦੀ ਮੁਲਾਕਾਤ ਬ੍ਰਿਸਬੇਨ ’ਚ ਹੋਈ ਸੀ ਅਤੇ ਦੋਹਾਂ ਨੇ ਆਸਟ੍ਰੇਲੀਆ ’ਚ ਵਸਣ ਦਾ ਫੈਸਲਾ ਕੀਤਾ ਸੀ।
2021 ’ਚ ਜਦੋਂ ਉਹ ਆਸਟ੍ਰੇਲੀਆ ਦੇ ਪੱਕੇ ਵਸਨੀਕ ਬਣਨ ਵਾਲੇ ਸਨ ਤਾਂ ਉਨ੍ਹਾਂ ਦੇ ਬੇਟੇ ਲੂਕਾ ਦਾ ਜਨਮ ਹੋਇਆ। ਪਰ ਜਨਮਜਾਤ ਿਬਮਾਰੀ ਕਾਰਨ ਉਹ ਕਾਨੂੰਨੀ ਤੌਰ ’ਤੇ ਆਸਟ੍ਰੇਲੀਆ ਨਹੀਂ ਰਹਿ ਸਕਦਾ। ਉਸ ਦੇ ਮਾਪੇ ਆਪਣੇ ਬੇਟੇ ਤੋਂ ਵੱਖ ਹੋਣ ਦੇ ਵਿਨਾਸ਼ਕਾਰੀ ਅਸਰ ਅਤੇ ਇਸ ਤੱਥ ਦਾ ਹਵਾਲਾ ਦਿੰਦੇ ਹੋਏ ਫੈਸਲੇ ਵਿਰੁਧ ਅਪੀਲ ਕਰ ਰਹੇ ਹਨ ਕਿ ਲੂਕਾ ਦੀ ਬਿਮਾਰੀ ਅਜੇ ਨਿਸ਼ਚਤ ਨਹੀਂ ਹੈ। ਪਰਿਵਾਰ ਨੇ ਆਪਣੀ ਸਾਰੀ ਬੱਚਤ ਆਸਟ੍ਰੇਲੀਆ ’ਚ ਰਹਿਣ ਲਈ ਕਾਨੂੰਨੀ ਫੀਸਾਂ ’ਤੇ ਖਰਚ ਕਰ ਦਿੱਤੀ ਹੈ। ਇੱਥੇ ਵਸਣ ਦੀ ਇਜਾਜ਼ਤ ਨਾ ਮਿਲਣ ਕਾਰਨ ਉਹ ‘ਨਿਰਾਸ਼ ਅਤੇ ਅਣਚਾਹੇ’ ਮਹਿਸੂਸ ਕਰ ਰਹੇ ਹਨ।