ਹੈਕਰਾਂ ਨੇ AI ਐਪਲੀਕੇਸ਼ਨਜ਼ ਨਾਲ ਪ੍ਰਾਪਤ ਕੀਤੀ 1 ਬਿਲੀਅਨ ਡਾਲਰ ਦੀ ਮੌਰਗੇਜ
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ, ਕਾਮਨਵੈਲਥ ਬੈਂਕ (CBA), ਨੇ ਆਪਣੇ ਆਪ ਨੂੰ ਪੁਲਿਸ ਕੋਲ ਰਿਪੋਰਟ ਕੀਤਾ ਹੈ। ਸ਼ੱਕ ਹੈ ਕਿ ਬੈਂਕ ਦੀਆਂ ਮੌਰਗੇਜ ਅਰਜ਼ੀਆਂ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਹੋਈ ਹੈ, ਜਿਸ ਦੀ ਕੀਮਤ ਲਗਭਗ 1 ਬਿਲੀਅਨ ਡਾਲਰ ਹੋ ਸਕਦੀ ਹੈ।
ਜਾਂਚ ਵਿੱਚ ਪਤਾ ਲੱਗਿਆ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨਾਲ ਕਈ ਨਕਲੀ ਦਸਤਾਵੇਜ਼ ਤਿਆਰ ਕੀਤੇ ਗਏ। ਇਹ ਦਸਤਾਵੇਜ਼ ਬਹੁਤ ਹੀ ਅਸਲੀ ਲੱਗਦੇ ਹਨ, ਜਿਸ ਕਾਰਨ ਬੈਂਕਾਂ ਲਈ ਧੋਖਾਧੜੀ ਪਛਾਣਨਾ ਮੁਸ਼ਕਲ ਹੋ ਗਿਆ ਹੈ। ਹੈਕਰਾਂ ਨੇ ਵੱਡੀਆਂ ਡਾਟਾ ਲੀਕਾਂ (ਜਿਵੇਂ Optus, Medibank, Latitude, Qantas) ਤੋਂ ਚੋਰੀ ਕੀਤੀ ਜਾਣਕਾਰੀ ਨਾਲ ਨਕਲੀ ਪਛਾਣਾਂ ਬਣਾਈਆਂ।
ਇਸ ਤੋਂ ਪਹਿਲਾਂ, NAB ਬੈਂਕ ਨਾਲ ਵੀ 150 ਮਿਲੀਅਨ ਡਾਲਰ ਦੀ ਧੋਖਾਧੜੀ ਹੋਈ ਸੀ। ਮਾਹਰ ਕਹਿੰਦੇ ਹਨ ਕਿ ਬੈਂਕਾਂ ਨੂੰ ਤੇਜ਼ੀ ਨਾਲ ਲੋਨ ਮਨਜ਼ੂਰ ਕਰਨ ਦੀ ਬਜਾਏ ਸਖ਼ਤ ਤਸਦੀਕ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ। ਇੰਪਲੋਇਅਰਸ ਨਾਲ ਸਿੱਧੀ ਪੁਸ਼ਟੀ, ਸਟਾਫ਼ ਟ੍ਰੇਨਿੰਗ ਅਤੇ ਮਜ਼ਬੂਤ ਸਾਇਬਰ ਸੁਰੱਖਿਆ ਹੀ ਇਸ ਖ਼ਤਰੇ ਨੂੰ ਘਟਾ ਸਕਦੀ ਹੈ।





