ਲੰਡਨ : ਬ੍ਰਿਟੇਨ ਦੀ ਪ੍ਰਮੁੱਖ ਸਿੱਖ ਸੰਸਥਾ Sikh Federation ਨੇ UK Home Office ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਟੂਡੈਂਟ Henry Nowak ਦੇ ਕਤਲ ਮਾਮਲੇ ’ਚ ਪੁਲਿਸ ਦੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਸਿੱਖ ਕ੍ਰਿਪਾਨ ਨੂੰ ਬੇਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਥਾ ਦਾ ਕਹਿਣਾ ਹੈ ਕਿ ਸਰਕਾਰ ਚਾਕੂ ਰੱਖਣ ਸਬੰਧੀ ਕਾਨੂੰਨਾਂ ਦੀ ਵਰਤੋਂ ਆਪਣੀਆਂ ਕਮੀਆਂ ਛੁਪਾਉਣ ਲਈ ਇੱਕ ਢਾਲ ਵਜੋਂ ਕਰ ਰਹੀ ਹੈ।
ਪਿਛਲੇ ਸਾਲ ਦਸੰਬਰ ’ਚ Southampton ’ਚ 18 ਸਾਲ ਦੇ Henry Nowak ਦਾ ਵਿਕਰਮ ਡਿਗਵਾ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਦੇ ਨਸਲੀ ਟਿੱਪਣੀ ਦੇ ਝੂਠੇ ਦੋਸ਼ਾਂ ਤੋਂ ਬਾਅਦ, Hampshire Police ਨੇ ਮੌਕੇ ’ਤੇ ਤੜਫ ਰਹੇ Henry Nowak ਨੂੰ ਹੀ ਹੱਥਕੜੀ ਲਗਾ ਦਿੱਤੀ ਸੀ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਉੱਠੇ ਹਨ।
ਹਾਲ ਹੀ ’ਚ Court of Appeal ਨੇ ਦੋਸ਼ੀ ਵਿਕਰਮ ਡਿਗਵਾ ਦੀ ਘੱਟੋ-ਘੱਟ ਸਜ਼ਾ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਹੈ। ਇਸ ਤੋਂ ਬਾਅਦ ਮ੍ਰਿਤਕ ਦੇ ਪਿਤਾ Mark Nowak ਨੇ ਕਾਨੂੰਨ ’ਚ ਕ੍ਰਿਪਾਨ ਦੇ ਆਕਾਰ ਅਤੇ ਰੂਪ ਸਬੰਧੀ ਸਪੱਸ਼ਟ ਨਿਯਮ ਬਣਾਉਣ ਦੀ ਮੰਗ ਕੀਤੀ ਹੈ, ਜਿਸ ‘ਤੇ Home Secretary Shabana Mahmood ਨੇ ਵੀ ਕਾਨੂੰਨ ’ਚ ਬਦਲਾਅ ਦੇ ਸੰਕੇਤ ਦਿੱਤੇ ਹਨ।
Sikh Federation ਨੇ ਸਪੱਸ਼ਟ ਕੀਤਾ ਹੈ ਕਿ ਅਦਾਲਤੀ ਤੱਥਾਂ ਅਨੁਸਾਰ ਕਤਲ ’ਚ ਵਰਤਿਆ ਗਿਆ ਹਥਿਆਰ ਕ੍ਰਿਪਾਨ ਨਹੀਂ, ਸਗੋਂ ਇੱਕ 21 ਸੈਂਟੀਮੀਟਰ ਲੰਬਾ ਵੱਖਰਾ ਖੰਜਰ ਸੀ। ਸੰਸਥਾ ਨੇ ਮੰਗ ਕੀਤੀ ਹੈ ਕਿ Home Office ਇਸ ਵੰਡਪਾਊ ਏਜੰਡੇ ਨੂੰ ਤੁਰੰਤ ਬੰਦ ਕਰੇ ਅਤੇ ਸਿੱਖ ਸੰਸਥਾਵਾਂ ਨਾਲ ਗੱਲਬਾਤ ਕਰੇ। ਦੂਜੇ ਪਾਸੇ, Independent Office for Police Conduct ਵੱਲੋਂ ਦੋ ਪੁਲਿਸ ਅਧਿਕਾਰੀਆਂ ਖ਼ਿਲਾਫ਼ ਲਾਪਰਵਾਹੀ ਦੀ ਜਾਂਚ ਜਾਰੀ ਹੈ, ਜਿਸ ਦੀ ਰਿਪੋਰਟ ਅਗਲੇ ਸਾਲ ਦੇ ਸ਼ੁਰੂ ’ਚ ਆਉਣ ਦੀ ਉਮੀਦ ਹੈ।
