ਮੈਲਬਰਨ : ਆਸਟ੍ਰੇਲੀਆ ’ਚ ਮਕਾਨਾਂ ਦੀਆਂ ਵਧਦੀਆਂ ਕੀਮਤਾਂ ਅਤੇ ਕਰਜ਼ਿਆਂ ’ਤੇ ਵਿਆਜ ਰੇਟ ’ਚ ਵਾਧੇ ਕਾਰਨ ਲੋਕਾਂ ਲਈ ਆਪਣਾ ਘਰ ਖਰੀਦਣਾ ਹੁਣ ਤੱਕ ਦੇ ਸਭ ਤੋਂ ਮੁਸ਼ਕਲ ਦੌਰ ’ਚ ਪਹੁੰਚ ਗਿਆ ਹੈ। । realestate.com.au ਦੀ Housing Affordability Report ਦੇ ਨਵੇਂ ਅੰਕੜਿਆਂ ਮੁਤਾਬਕ, ਵਿੱਤੀ ਵਰ੍ਹੇ 2026 ਦੌਰਾਨ ਦੇਸ਼ ਭਰ ’ਚ ਹਾਊਸਿੰਗ ਸਮਰੱਥਾ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ ਹੈ।
ਅਰਥਸ਼ਾਸਤਰੀ Luc Redman ਅਨੁਸਾਰ, Reserve Bank (RBA) ਵੱਲੋਂ ਵਿਆਜ ਰੇਟ ’ਚ ਲਗਾਤਾਰ ਕੀਤੇ ਵਾਧੇ ਨੇ ਖਰੀਦਦਾਰਾਂ ਦੀ ਲੋਨ ਲੈਣ ਦੀ ਸਮਰੱਥਾ ਬੁਰੀ ਤਰ੍ਹਾਂ ਘਟਾ ਦਿੱਤੀ ਹੈ। ਰਿਪੋਰਟ ਮੁਤਾਬਕ, 125,000 ਡਾਲਰ ਦੀ ਔਸਤ ਸਾਲਾਨਾ ਆਮਦਨ ਵਾਲਾ ਪਰਿਵਾਰ ਦੇਸ਼ ਭਰ ’ਚ ਵਿਕਣ ਵਾਲੇ ਘਰਾਂ ’ਚੋਂ ਸਿਰਫ਼ 12% ਘਰ ਹੀ ਖਰੀਦ ਸਕਦਾ ਹੈ, ਜੋ ਕਿ ਪੰਜ ਸਾਲ ਪਹਿਲਾਂ (FY21) 43% ਸੀ। ਉੱਥੇ ਹੀ 76,000 ਡਾਲਰ ਕਮਾਉਣ ਵਾਲੇ ਘੱਟ ਆਮਦਨ ਵਾਲੇ ਪਰਿਵਾਰ ਸਿਰਫ਼ 2% ਘਰਾਂ ਦੇ ਹੀ ਸਮਰੱਥ ਹਨ, ਜਿਸ ਕਾਰਨ ਉਹ ਬਾਜ਼ਾਰ ਤੋਂ ਲਗਭਗ ਬਾਹਰ ਹੋ ਚੁੱਕੇ ਹਨ।
ਰਿਪੋਰਟ ਅਨੁਸਾਰ ਘਰੇਲੂ ਕਮਾਈ ਦਾ 35.5% ਹਿੱਸਾ ਹੁਣ ਸਿਰਫ਼ ਮੋਰਗੇਜ ਭਰਨ ’ਚ ਜਾ ਰਿਹੈ, ਜੋ 1989 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇੱਕ ਔਸਤ ਪਰਿਵਾਰ ਨੂੰ ਆਪਣੀ ਕਮਾਈ ਦੀ 20% ਬੱਚਤ ਕਰ ਕੇ ਵੀ ਘਰ ਦੇ ਡਿਪਾਜ਼ਿਟ ਲਈ ਲਗਭਗ 6 ਸਾਲ ਦਾ ਸਮਾਂ ਲੱਗ ਰਿਹਾ ਹੈ।
ਸਟੇਟਸ ਦੀ ਰੈਂਕਿੰਗ ’ਚ ਵੀ ਵੱਡਾ ਉਲਟਫੇਰ ਸਾਹਮਣੇ ਆਇਆ ਹੈ। New South Wales ਨੂੰ ਪਛਾੜ ਕੇ South Australia ਹੁਣ ਦੇਸ਼ ਦਾ ਸਭ ਤੋਂ ਮਹਿੰਗਾ ਤੇ ਅਸਮਰੱਥ ਰਾਜ ਬਣ ਗਿਆ ਹੈ, ਜਿੱਥੇ Adelaide ’ਚ ਮਕਾਨ ਦੀ ਔਸਤ ਕੀਮਤ 940,000 ਡਾਲਰਹੋਣ ਕਾਰਨ ਆਮ ਪਰਿਵਾਰ ਸਿਰਫ਼ 7% ਘਰ ਹੀ ਖਰੀਦ ਸਕਦੇ ਹਨ। ਦੂਜੇ ਪਾਸੇ, Victoria ਹੁਣ Western Australia ਨੂੰ ਪਿੱਛੇ ਛੱਡਦੇ ਹੋਏ ਦੇਸ਼ ਦਾ ਸਭ ਤੋਂ ਵੱਧ ਕਿਫਾਇਤੀ ਸਟੇਟ ਬਣ ਗਿਆ ਹੈ।
